ਚੰਡੀਗੜ੍ਹ: ਬੈਂਕ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੂਰੇ ਦੇਸ਼ ਵਿੱਚ ਹੜਤਾਲ ਕੀਤੀ ਗਈ, ਜਿਸ ਦੇ ਚੱਲਦਿਆਂ ਆਮ ਨਾਗਰਿਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਕ ਮੁਲਾਜ਼ਮਾਂ ਵੱਲੋਂ ਜਨਵਰੀ ਤੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ 31 ਜਨਵਰੀ ਅਤੇ 1 ਫਰਵਰੀ ਨੂੰ ਬੈਂਕ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਅੱਜ ਪੂਰੇ ਦੇਸ਼ ਦੇ ਵਿੱਚ 10 ਲੱਖ ਮੁਲਾਜ਼ਮ ਇਸ ਹੜਤਾਲ ਵਿੱਚ ਆਪਣਾ ਹਿੱਸਾ ਪਾ ਰਹੇ ਹਨ।
ਦੱਸ ਦੱਈਏ ਕਿ ਇੰਡੀਅਨ ਬੈਂਕ ਐਸੋਸੀਏਸ਼ਨ ਵੱਲੋਂ ਬੈਂਕ ਕਰਮਚਾਰੀਆਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਜਿਸ ਕਰਕੇ ਕਰਮਚਾਰੀਆਂ ਨੇ ਦੋ ਰੋਜ਼ਾ ਹੜਤਾਲ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਬੈਂਕਾਂ ਦੀ ਹੜਤਾਲ ਤੋਂ ਬਾਅਦ ਐਤਵਾਰ ਨੂੰ ਬੈਂਕ ਵਿੱਚ ਛੁੱਟੀ ਹੋਣ ਕਰਕੇ ਲਗਾਤਾਰ ਤਿੰਨ ਦਿਨ ਬੈਂਕ ਬੰਦ ਰਹਿਣਗੇ।
ਇਹ ਵੀ ਪੜ੍ਹੋ: WHO ਨੇ ਕੋਰੋਨਾ ਵਾਇਰਸ ਨੂੰ ਐਲਾਨਿਆ ਵਿਸ਼ਵ ਸਿਹਤ ਐਮਰਜੈਂਸੀ, 213 ਦੀ ਮੌਤ
ਇਸ ਦੇ ਨਾਲ ਹੀ ਮੁਲਾਜ਼ਮਾਂ ਵੱਲੋਂ ਆਪਣਾ ਸੰਘਰਸ਼ ਸਿਰਫ਼ ਦੋ ਦਿਨ ਤੱਕ ਹੀ ਨਹੀਂ ਸਗੋਂ ਅਪ੍ਰੈਲ ਤੱਕ ਜਾਰੀ ਰੱਖਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਤੋਂ ਬਾਅਦ ਮਾਰਚ ਵਿੱਚ ਅੱਠ ਦਿਨਾਂ ਦੀ ਹੜਤਾਲ ਕੀਤੀ ਜਾਵੇਗੀ ਅਤੇ ਜੇਕਰ ਫੇਰ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਪ੍ਰੈਲ ਤੋਂ ਮੁਲਾਜ਼ਮ ਅਣਮਿੱਥੇ ਸਮੇਂ ਤੱਕ ਹੜਤਾਲ 'ਤੇ ਜਾ ਸਕਦੇ ਹਨ।