ਚੰਡੀਗੜ੍ਹ: ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਕਾਂਡ ਨੂੰ ਲੈ ਕੇ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਸੁਮੇਧ ਸੈਣੀ ਨਾਲ ਜ਼ੁਲਮ 'ਚ ਸ਼ਰੀਕ ਦੋ ਸਾਬਕਾ ਪੁਲਿਸ ਅਧਿਕਾਰੀਆਂ ਦੀ ਵਾਅਦਾ ਮੁਆਫ ਗਵਾਹ ਬਣਨ ਦੀ ਅਪੀਲ ਮੋਹਾਲੀ ਅਦਾਲਤ ਨੇ ਕਬੂਲ ਕਰ ਲਈ ਹੈ।
ਬਲਵੰਤ ਮੁਲਤਾਨੀ ਪੱਖ ਦੇ ਵਕੀਲ ਪ੍ਰਦੀਪ ਸਿੰਘ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਮੋਹਾਲੀ ਅਦਾਲਤ ਨੇ ਸਾਬਕਾ ਥਾਣੇਦਾਰ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਦੀ ਵਾਅਦਾ ਮੁਆਫ ਗਵਾਹ ਬਣ ਦੀ ਅਰਜ਼ੀ ਕਬੂਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਇਹ ਦੋਵੇਂ ਸਾਬਕਾ ਪੁਲਿਸ ਅਧਿਕਾਰੀ ਵਿਸ਼ੇਸ਼ ਜਾਂਚ ਟੀਮ ਦੇ ਸੈਣੀ ਵਿਰੁੱਧ ਗਵਾਹ ਹੋਣਗੇ।
ਉਨ੍ਹਾਂ ਦੱਸਿਆ ਕਿ ਅਦਾਲਤ 'ਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਹਨ । ਉਨ੍ਹਾਂ ਦੱਸਿਆ ਇਸ ਮਾਮਲੇ ਦੀ ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ ਅਤੇ ਦੋਵਾਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ।
ਇਨ੍ਹਾਂ ਦੋਵਾਂ ਸਾਬਕਾ ਪੁਲਿਸ ਅਧਿਕਾਰੀਆਂ ਦੇ ਵਾਅਦਾ ਮੁਅਫ ਗਹਾਵ ਬਣ ਨਾਲ ਸੈਣੀ ਦੀਆਂ ਮੂਸ਼ਕਲਾਂ 'ਚ ਵਾਧਾ ਹੋ ਸਕਦਾ ਹੈ। ਇੱਥੇ ਇਹ ਵੀ ਵਰਣਯੋਗ ਹੈ ਕਿ ਸੁਮੇਧ ਸੈਣੀ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ 'ਚ ਵੀ ਪਟੀਸ਼ਨ ਦਾਇਰ ਕੀਤੀ ਹੈ।
ਦੱਸਣਯੋਗ ਹੈ ਕਿ ਸਾਲ 1991 ਵਿੱਚ ਚੰਡੀਗੜ੍ਹ ਦੇ ਤਤਕਾਲੀ ਐਸਐਸਪੀ ਸੁਮੇਧ ਸਿੰਘ ਸੈਣੀ 'ਤੇ ਉਸ ਹਮਲਾ ਹੋਇਆ ਸੀ ਜਿਸ ਵਿੱਚ ਸੈਣੀ ਦੇ ਚਾਰ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ। ਕਥਿਤ ਤੌਰ 'ਤੇ ਇਸ ਮਾਮਲੇ ਵਿੱਚ ਸੈਣੀ ਦੇ ਹੁਕਮਾਂ 'ਤੇ ਪੁਲਿਸ ਵੱਲੋਂ ਬਲਵੰਤ ਸਿੰਘ ਮੁਲਤਾਨੀ ਨੂੰ ਘਰ ਤੋਂ ਚੁੱਕਿਆ ਗਿਆ ਸੀ। ਪਰਿਵਾਰ ਨੇ ਇਲਜ਼ਾਮ ਲਗਾਇਆ ਸੀ ਕਿ ਪੁਲਿਸ ਹਿਰਾਸਤ ਦੌਰਾਨ ਤਸੀਹੇ ਦੇਣ ਕਾਰਨ ਬਲਵੰਤ ਮੁਲਤਾਨੀ ਦੀ ਮੌਤ ਹੋ ਗਈ ਸੀ।