ਚੰਡੀਗੜ੍ਹ :ਸੂਬੇ ਭਰ 'ਚ ਕੋਰੋਨਾ ਟੀਕਾਕਰਨ ਮੁਹਿੰਮ 'ਚ ਤੇਜ਼ੀ ਲਿਆਉਣ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀਰਵਾਰ ਨੂੰ ਸਿਵਲ ਸਰਜਨਾਂ ਨੂੰ ਹਦਾਇਤ ਦਿੱਤੀ। ਉਨ੍ਹਾਂ ਸਿਵਲ ਸਰਜਨਾਂ ਨੂੰ ਟੀਕਾ ਲਗਾਉਣ ਵਾਲੀਆਂ ਥਾਵਾਂ 'ਤੇ ਲਾਭਪਾਤਰੀਆਂ ਦੀ ਗਿਣਤੀ ਵਧਾਉਣ ਲਈ ਕਿਹਾ।
ਲਾਭਪਾਤਰੀਆਂ ਦੀ ਗਿਣਤੀ ਵਧਾਉਣ ਦੇ ਨਿਰਦੇਸ਼
ਪੰਜਾਬ ਭਵਨ ਵਿਖੇ ਸਿਵਲ ਸਰਜਨਜ਼ ਦੀ ਸਮੀਖਿਆ ਮੀਟਿੰਗ ਹੋਈ। ਇਸ ਮੀਟਿੰਗ ਦੀ ਅਗਵਾਈ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤੀ। ਮੀਟਿੰਗ ਦੇ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਟੀਕਾਕਰਨ ਵਾਲੀਆਂ ਥਾਵਾਂ ਦੀ ਗਿਣਤੀ ਪਹਿਲਾਂ ਹੀ 59 ਤੋਂ ਵਧਾ ਕੇ 127 ਕਰ ਦਿੱਤੀ ਗਈ ਹੈ, ਤਾਂ ਜੋ ਵੱਧ ਤੋਂ ਵੱਧ ਸਰਕਾਰੀ 'ਤੇ ਨਿੱਜੀ ਸਿਹਤ ਸੰਭਾਲ ਕੇਂਦਰਾਂ ਤੇ ਲਾਭਪਾਤਰੀਆਂ ਨੂੰ ਯਕੀਨੀ ਤੌਰ 'ਤੇ ਕਵਰ ਕੀਤਾ ਜਾ ਸਕੇ। ਉਨਾਂ ਕਿਹਾ ਕਿ ਚੱਲ ਰਹੇ ਮੌਜੂਦਾ ਸੈਸ਼ਨ ਦੌਰਾਨ ਵੈਕਸੀਨੇਟਰ ਮਾਡਊਲ 'ਚ ‘ਅਲਾਟ ਲਾਭਪਾਤਰੀ ਦੀ ਤੇ ਲਾਈਵ ਦੀ ਵਿਸ਼ੇਸ਼ਤਾ ਨੂੰ ਸ਼ਾਮਲ ਕੀਤਾ ਗਿਆ ਹੈ।
ਵੱਧ ਤੋਂ ਵੱਧ ਲਾਭਪਾਰਤੀਆਂ ਦਾ ਟੀਕਾਕਰਨ
ਉਨਾਂ ਦੱਸਿਆ ਕਿ ਸੈਸ਼ਨ ਸਾਈਟਾਂ 'ਤੇ ਤਾਇਨਾਤ ਸਟਾਫ ਦੀ ਵੱਧ ਤੋਂ ਵੱਧ ਵਰਤੋਂ ਦੀ ਸਹੂਲਤ ਲਈ ਇਹ ਵਿਸ਼ੇਸ਼ਤਾ ਸ਼ਾਮਲ ਕੀਤੀ ਗਈ ਹੈ। ਇਸ ਨਾਲ ਹਰ ਸੈਸ਼ਨ 'ਚ ਵੱਧ ਤੋਂ ਵੱਧ ਲਾਭਪਾਤਰੀਆਂ (ਸਿਹਤ ਸੰਭਾਲ ਕਰਮਚਾਰੀ) ਦਾ ਟੀਕਾਕਰਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਹਿਲਾਂ ਕੇਵਲ ਡਾਟਾਬੇਸ ‘ਤੇ ਭੇਜੇ ਗਏ ਲਾਭਪਾਤਰੀਆਂ ਦਾ ਹੀ ਟੀਕਾਕਰਨ ਕਰਨ ਦੀ ਤਜਵੀਜ਼ ਸੀ, ਪਰ ਹੁਣ ਨਵੇਂ ਲਾਭਪਾਤਰੀਆਂ ਨੂੰ ਚੱਲ ਰਹੇ ਸੈਸ਼ਨਾਂ ਵਿੱਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਸਿੱਧੂ ਨੇ ਕਿਹਾ ਕਿ 12 ਜਨਵਰੀ, 2021 ਨੂੰ 2.04 ਲੱਖ ਤੇ 19 ਜਨਵਰੀ, 2021 ਨੂੰ 1.96 ਲੱਖ ਕੋਵੀਸ਼ੀਲਡ ਦੀਆਂ ਖੁਰਾਕਾਂ ਪ੍ਰਾਪਤ ਕੀਤੀਆਂ ਗਈਆਂ। ਜਦੋਂ ਕਿ ਹੁਣ ਤੱਕ 12, 467 ਸਿਹਤ ਕਰਮਚਾਰੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਚੱਲ ਰਹੇ ਰੁਟੀਨ ਟੀਕਾਕਰਨ ਪ੍ਰੋਗਰਾਮ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਹਸਪਤਾਲਾਂ ਵਿੱਚ ਹਰੇਕ ਪੱਧਰ ‘ਤੇ ਵੈਕਸੀਨ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਜੋ ਵੈਕਸੀਨ ਨੂੰ ਘੱਟ ਤੋਂ ਘੱਟ ਖਰਾਬ ਹੋਣ ਤੋਂ ਬਚਾਇਆ ਜਾ ਸਕੇ।
ਟੀਕਾਕਰਨ ਮੁਹਿੰਮ ਦੀ ਸਮੀਖਿਆ ਕਰਨ ਦੀ ਹਿਦਾਇਤ
ਸਿਵਲ ਸਰਜਨਾਂ ਨੂੰ ਟੀਕਾਕਰਨ ਮੁਹਿੰਮ ਦੀ ਨਿੱਜੀ ਤੌਰ ‘ਤੇ ਸਮੀਖਿਆ ਕਰਨ ਦੀ ਹਦਾਇਤ ਕਰਦਿਆਂ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਉਹ ਜ਼ਿਲ੍ਹਾ ਟੀਕਾਕਰਨ ਅਫ਼ਸਰਾਂ, ਸੈਸ਼ਨ ਸਾਈਟ ਤੇ ਵੈਕਸੀਨ ਕੋਲਡ ਚੇਨ ਇੰਚਾਰਜਾਂ ਨਾਲ ਰੋਜ਼ਾਨਾ ਮੀਟਿੰਗਾਂ ਕਰਨਗੇ। ਇਸ ਨਾਲ ਨਿਰਧਾਰਤ ਟੀਚੇ ਮੁਤਾਬਕ ਟੀਕਾਕਰਨ ਮੁਹਿੰਮ ਨੂੰ ਨੇਪਰੇ ਚਾੜਿਆ ਜਾ ਸਕੇਗਾ। ਉਨ੍ਹਾਂ ਕਿਹਾ ਮੌਜੂਦਾ ਸਮੇਂ ਸੂਬੇ 'ਚ 25 ਤੋਂ 30 ਹਜ਼ਾਰ ਆਰਟੀਪੀਸੀਆਰ ਟੈਸਟ ਕਰਨ ਦੀ ਸਮਰੱਥਾ ਹੈ, ਜਿਸ ਲਈ ਸਿਵਲ ਸਰਜਨ ਰੈਪਿਡ ਐਂਟੀਜਨ ਟੈਸਟ ਦੀ ਥਾਂ ‘ਤੇ ਆਰਟੀਪੀਸੀਆਰ ਟੈਸਟਾਂ ਨੂੰ ਤਵੱਜ਼ੋ ਦੇਣ। ਉਨ੍ਹਾਂ ਕਿਹਾ ਕਿ ਐਮਰਜੈਂਸੀ ਜਾਂ ਐਕਸੀਡੈਂਟ ਦੇ ਮਾਮਲੇ ਵਿੱਚ ਸਭ ਤੋਂ ਪਹਿਲਾਂ ਟਰੂਨੈਟ ਟੈਸਟ ਕੀਤਾ ਜਾਵੇ ਜਾਂ ਫਿਰ ਰੈਪਿਡ ਐਂਟੀਜਨ ਟੈਸਟ ਕੀਤਾ ਜਾਵੇ।