ਚੰਡੀਗੜ੍ਹ: ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ’ਤੇ ਸ਼ਤਾਬਦੀ ਐਕਸਪ੍ਰੈਸ ਵਿੱਚ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਹਮਲੇ ਦੀ ਇਹ ਘਟਨਾ ਹਰਿਆਣਾ ਦੇ ਪਾਣੀਪਤ ਦੇ ਕੋਲ ਵਾਪਰੀ ਹੈ ਜਦੋਂ ਐਡਵੋਕੇਟ ਜਨਰਲ ਆਪਣੀ ਲੀਗਲ ਵਕੀਲਾਂ ਦੀ ਟੀਮ ਨਾਲ ਟਰੇਨ ਰਾਹੀਂ ਦਿੱਲੀ ਤੋਂ ਚੰਡੀਗੜ੍ਹ ਆ ਰਹੇ ਸਨ।
ਐਡਵੋਕੇਟ ਜਨਰਲ ਅਨੁਸਾਰ ਜਦੋਂ ਵਾਪਸ ਚੰਡੀਗੜ੍ਹ ਆ ਰਹੇ ਸਨ ਤਾਂ ਇਸੇ ਦੌਰਾਨ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗੱਡੀ ਦੇ ਉਸ ਡੱਬੇ ’ਤੇ ਹਮਲਾ ਕੀਤਾ ਗਿਆ ਜਿਸ ਸੀਟ ’ਤੇ ਉਹ ਖੁਦ ਬੈਠੇ ਸਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਗੱਡੀ ਦਾ ਸ਼ੀਸ਼ਾ ਵੀ ਟੁੱਟ ਗਿਆ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਅਤੇ ਗੁਜਰਾਤ ATS ਦੇ ਸਾਂਝੇ ਆਪ੍ਰੇਸ਼ਨ ਦੌਰਾਨ 70 ਕਿੱਲੋ ਹੈਰੋਇਨ ਬਰਾਮਦ
ਇਹ ਹਮਲਾ ਪੱਥਰ ਦਾ ਸੀ ਜਾਂ ਕਿਸੇ ਹੋਰ ਚੀਜ਼ ਦਾ ਅਜੇ ਇਸ ਬਾਰੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ। ਇਸ ਘਟਨਾ ਦੀ ਜਾਣਕਾਰੀ ਏਜੀ ਵੱਲੋਂ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਘਟਨਾ ਸਥਾਨ ਉੱਪਰ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਿਰ ਇਹ ਹਮਲਾ ਸੀ ਜਾਂ ਫਿਰ ਕਿਸੇ ਤੋਂ ਅਣਜਾਣੇ ਵਿੱਚ ਇਹ ਹੋਇਆ ਹੈ ਜਾਂ ਫਿਰ ਕਿਸੇ ਵੱਲੋਂ ਜਾਣਬੁੱਝ ਕੇ ਉਨ੍ਹਾਂ ਉੱਪਰ ਇਹ ਹਮਲਾ ਕਰਵਾਇਆ ਗਿਆ ਹੈ।
ਇਸ ਘਟਨਾ ਨੂੰ ਲੈਕੇ ਏਜੀ ਦਾ ਬਿਆਨ ਸਾਹਮਣੇ ਆਇਆ ਹੈ। ਐਡਵੋਕੇਟ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਉਨ੍ਹਾਂ ਪੰਜਾਬ ਦੇ ਡੀਜੀਪੀ ਨੂੰ ਜਾਣੂ ਕਰਵਾ ਦਿੱਤਾ ਸੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਘਟਨਾ ਬਾਰੇ ਨਹੀਂ ਪਤਾ ਕਿਵੇਂ ਵਾਪਰੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਅਤੇ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ।
ਇਹ ਵੀ ਪੜ੍ਹੋ: ਟੈਂਟ ਵਾਲੇ ਦਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅੱਗੇ ਤਰਲਾ, ਮੇਰੇ ਪੈਸੇ ਤਾਂ ਦੇ ਦਿਓ, ਨਹੀਂ...!