ਚੰਡੀਗੜ੍ਹ: ਪੰਜਾਬ 'ਚ ਆਮ ਆਦਮੀ ਪਾਰਟੀ ਵਲੋਂ ਭਾਜਪਾ ਦੇ ਉਤੇ ਆਪ੍ਰੇਸ਼ਨ ਲੋਟਸ ਦੇ ਤਹਿਤ ਵਿਧਾਇਕਾਂ ਨੂੰ ਖਰੀਦਣ ਅਤੇ ਧਮਕੀਆਂ ਦੇਣ ਦੇ ਇਲਜ਼ਾਮ ਲਗਾਏ ਗਏ ਹਨ। ਜਿਸ ਸਬੰਧੀ ਡੀਜੀਪੀ ਨੂੰ ਸ਼ਿਕਾਇਤ ਤੋਂ ਬਾਅਦ ਮਾਮਲਾ ਵੀ ਦਰਜ ਹੋ ਗਿਆ ਹੈ। ਹੁਣ ਇਸ ਵਿਚਾਲੇ ਆਪ ਦੇ ਸਾਰੇ ਵਿਧਾਇਕਾਂ ਨੂੰ ਦਿੱਲੀ ਤੋਂ ਬੁਲਾਵਾ ਆਇਆ ਹੈ।
ਦਿੱਲੀ 'ਚ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਕਰਨਗੇ। ਵਿਧਾਇਕਾਂ ਨਾਲ ਕੀਤੀ ਜਾਣ ਵਾਲੀ ਇਸ ਮੀਟਿੰਗ ਦਾ ਸਮਾਂ ਐਤਵਾਰ 18 ਸਤੰਬਰ ਰੱਖਿਆ ਗਿਆ ਹੈ।
ਦਸ ਦਈਏ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਇਕ ਪ੍ਰੈਸ ਕਾਨਫਰੰਸ ਕਰ ਕੇ ਵੱਡੇ ਖੁਲਾਸੇ ਕੀਤੇ ਸਨ। ਹਰਪਾਲ ਚੀਮਾ ਨੇ ਜਿਨ੍ਹਾਂ ਵਿਧਾਇਕਾਂ ਨੂੰ ਕਥਿਤ ਭਾਜਪਾ ਵੱਲੋਂ ਖਰੀਦੋ ਫਰੋਖ਼ਤ ਲਈ ਫੋਨ ਆਏ ਜਾਂ ਧਮਕੀ ਲਈ ਫੋਨ ਆਏ, ਉਨ੍ਹਾਂ ਵਿਧਾਇਕਾਂ ਦੇ ਨਾਮ ਨਸ਼ਰ ਕੀਤੇ ਸਨ। ਇਸ ਦੇ ਨਾਲ ਹੀ, ਹਰਪਾਲ ਚੀਮਾ ਵਲੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ (AAP Allegation On BJP) ਮੁਲਾਕਾਤ ਵੀ ਕੀਤੀ। ਆਪ ਵਿਧਾਇਕ ਨੇ ਦੋਸ਼ ਲਾਉਂਂਦਿਆ ਕਿਹਾ ਸੀ ਕਿ, "ਮੈਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਮੇਰਾ ਅਤੇ ਮੇਰੇ ਪਰਿਵਾਰ ਦਾ ਬਾਬੂ ਅਮਿਤ ਸ਼ਾਹ ਵੱਡਾ ਨੁਕਸਾਨ ਕਰਨਗੇ।"
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਵੱਲੋਂ ਭਾਜਪਾ 'ਤੇ ਪੰਜਾਬ ਵਿੱਚ ਲਾਏ ਲੋਟਸ ਆਪ੍ਰੇਸ਼ਨ ਦੇ ਦੋਸ਼ਾਂ ਦੇ ਮਾਮਲੇ ਵਿੱਚ ਆਪਣਾ ਪ੍ਰਤੀਕਰਮ ਦਿੱਤਾ। ਉਨ੍ਹਾਂ ਨੇ ਕਿਹਾ ਸੀ ਕਿ ਮੈਨੂੰ ਆਪਣੇ ਵਿਧਾਇਕਾਂ ਦੀ ਵਫਾਦਾਰੀ ਉੱਤੇ ਪੂਰਾ ਭਰੋਸਾ ਹੈ।
ਇਸ ਤੋਂ ਬਾਅਦ ਆਪ ਦੀ ਸ਼ਿਕਾਇਤ 'ਤੇ ਪੰਜਾਬ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਸਟੈਂਡਰਡ ਗਾਈਡਲਾਈਨਜ਼ ਅਨੁਸਾਰ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪ ਦਿੱਤੀ ਹੈ। ਪੁਲਿਸ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਸੂਬੇ ਦੇ ਕੁਝ ਵਿਧਾਇਕਾਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ 14 ਸਤੰਬਰ ਨੂੰ ਪੁਲਿਸ ਥਾਣਾ ਸਟੇਟ ਕਰਾਈਮ (Police Station State Crime) , ਐਸ.ਏ.ਐਸ.ਨਗਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 ਦੀ ਧਾਰਾ 8 ਅਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 171-ਬੀ ਅਤੇ 120-ਬੀ ਦੇ ਤਹਿਤ ਪਹਿਲੀ ਸੂਚਨਾ ਰਿਪੋਰਟ (FIR) ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ: ਆਪ ਵਿਧਾਇਕਾਂ ਦੀ ਸ਼ਿਕਾਇਤ ਤੋਂ ਬਾਅਦ ਪੰਜਾਬ ਪੁਲਿਸ ਨੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੀਤੀ FIR ਦਰਜ