ਚੰਡੀਗੜ੍ਹ: ਪਿੰਡ ਡੱਡੂਮਾਜਰਾ ਵਿਖੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਸੁਸਾਇਟੀ ਵੱਲੋਂ ਹੋਲੇ-ਮਹੱਲੇ ਦੇ ਸਬੰਧ ਵਿੱਚ ਸਾਲਾਨਾ ਖ਼ਾਲਸਾਈ ਖੇਡਾਂ ਕਰਵਾਈਆਂ ਗਈਆਂ, ਜਿੰਨਾਂ ਦਾ ਉਦਘਾਟਨ ਖੇਡ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਤੇਜਦੀਪ ਸਿੰਘ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਚੰਡੀਗੜ੍ਹ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਬੁਟਰੇਲਾ, ਡਿਪਟੀ ਡਾਇਰੈਕਟਰ ਪੰਜਾਬ ਲੋਕ ਸੰਪਰਕ ਵਿਭਾਗ ਹਰਜੀਤ ਸਿੰਘ ਗਰੇਵਾਲ ਸਮੇਤ ਕਈ ਹੋਰ ਆਗੂ ਵੀ ਹਾਜ਼ਰ ਰਹੇ।
ਇਸ ਮੌਕੇ ਡਾਇਰੈਕਟਰ ਤੇਜਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਨਗਰ ਵਾਸੀਆਂ ਵੱਲੋਂ ਛੋਟੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਵੱਡਾ ਉਪਰਾਲਾ ਹੈ, ਜਿਸ ਨਾਲ ਬੱਚਿਆਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਾਇਆ ਜਾ ਸਕਦਾ ਹੈ। ਉਨ੍ਹਾਂ ਪਿੰਡ ਦੇ ਖਿਡਾਰੀਆਂ ਨੂੰ ਚੰਡੀਗੜ੍ਹ ਖੇਡ ਵਿਭਾਗ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ: ਉਨਾਓ ਮਾਮਲਾ: ਪੀੜਤਾ ਦੇ ਪਿਤਾ ਦੇ ਕਤਲ ਮਾਮਲੇ 'ਚ ਸੇਂਗਰ ਸਮੇਤ 7 ਨੂੰ 10 ਸਾਲ ਦੀ ਸਜ਼ਾ
ਹਰਜੀਤ ਸਿੰਘ ਗਰੇਵਾਲ ਨੇ ਆਪਣੇ ਸੰਬੋਧਨ ਵਿੱਚ ਪਿੰਡ ਵਿੱਚ ਹਰ ਸਾਲ ਟੂਰਨਾਮੈਂਟ ਕਰਵਾਉਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਅਗਲੇ ਸਾਲ ਤੋਂ ਇੰਨਾਂ ਖੇਡਾਂ ਮੌਕੇ ਗੱਤਕਾ ਟੀਮ ਭੇਜਣ ਦੀ ਪੇਸ਼ਕਸ਼ ਕੀਤੀ। ਇਸ ਮੌਕੇ ਹਰਦੀਪ ਸਿੰਘ ਬੁਟਰੇਲਾ ਨੇ ਵੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।
ਇਨਾਂ ਸਲਾਨਾ ਖ਼ਾਲਸਾਈ ਖੇਡਾਂ ਮੌਕੇ ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਉਮਰ ਵਰਗਾਂ ਦੇ ਸ਼ਾਟਪੁੱਟ, ਲੰਬੀ ਛਾਲ, 800 ਮੀਟਰ ਦੌੜ, 1500 ਮੀਟਰ ਦੌੜ, 200 ਮੀਟਰ ਦੌੜ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਬੀਬੀਆਂ ਦੇ ਚਾਟੀ ਦੌੜ, ਕੁਰਸੀ ਦੌੜ, ਪੈਦਲ ਚਾਲ ਅਤੇ ਰੱਸਾਕਸ਼ੀ ਦੇ ਮੁਕਾਬਲੇ ਵੀ ਹੋਏ।