ਚੰਡੀਗੜ੍ਹ: ਦੇਸ਼ ਭਰ ਵਿੱਚ ਪੇਂਡੂ ਭਾਰਤ ਬੰਦ ਦੇ ਸੱਦੇ ਦੇ ਚਲਦੇ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਚੰਡੀਗੜ੍ਹ ਵਿੱਚ ਵੀ ਇਸ ਦਾ ਅਸਰ ਵੇਖਣ ਨੂੰ ਮਿਲਿਆ। ਵੱਖ-ਵੱਖ ਮਜ਼ਦੂਰ ਬੈਂਕ ਯੂਨੀਅਨ ਤੇ ਹੋਰ ਜਥੇਬੰਦੀਆਂ ਵੱਲੋਂ ਭਾਰੀ ਇਕੱਠ ਕੀਤਾ ਗਿਆ ਅਤੇ ਸਰਕਾਰ ਵਿਰੋਧੀ ਨਾਅਰੇ ਲਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਵਿੱਚ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਿਲ ਰਹੀਆਂ। ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਵਿਰੁੱਧ ਜਮ ਕੇ ਨਾਅਰੇ ਲਗਾਏ ਅਤੇ ਵਿਰੋਧ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨਾਲ ਜੋ ਵਾਅਦੇ ਕੀਤੇ ਗਏ ਸਨ, ਉਸ ਵਿੱਚ ਕੋਈ ਵੀ ਪੂਰਾ ਨਹੀਂ ਕੀਤਾ ਗਿਆ। ਠੇਕੇਦਾਰ ਉਨ੍ਹਾਂ ਨੂੰ ਕੰਮ 'ਤੇ ਰੱਖਣ ਲਈ ਵੀ 10 ਹਜ਼ਾਰ ਰੁਪਿਆ ਲੈਂਦੇ ਹਨ ਤੇ ਉੱਤੋਂ ਦੀ ਉਨ੍ਹਾਂ ਨੂੰ ਸਮੇਂ 'ਤੇ ਤਨਖ਼ਾਹ ਵੀ ਨਹੀਂ ਦਿੱਤੀ ਜਾਂਦੀ।
ਮਹਿਲਾ ਪ੍ਰਦਰਸ਼ਨਕਾਰੀਆਂ ਨੇ ਵੀ ਆਪਣਾ ਦੁਖੜਾ ਸੁਣਾਉਂਦੇ ਹੋਏ ਕਿਹਾ ਕਿ ਉਹ ਸਰਕਾਰ ਤੋਂ ਖ਼ਾਸੇ ਤੰਗ ਹਨ, ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ ਨੇ ਜੋ ਵੀ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ। ਇਸ ਮੌਕੇ ਪੁਲਿਸ ਸੁਰੱਖਿਆ ਦੇ ਵੀ ਭਾਰੀ ਇੰਤਜ਼ਾਮ ਕੀਤੇ ਗਏ ਸਨ, ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਤੇ ਲੋ ਐਂਡ ਆਰਡਰ ਮੈਨਟੇਨ ਰਹੇ। ਇਸ ਮੌਕੇ ਮਹਿਲਾ ਪੁਲਿਸ ਕਰਮੀ ਵੀ ਖ਼ਾਸ ਤੌਰ 'ਤੇ ਤਾਇਨਾਤ ਸਨ।