ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਕੇਂਦਰ ਦੀ ਭਾਜਪਾ ਸਰਕਾਰ ਸਣੇ ਕਾਰਪੋਰੇਟ ਘਰਾਣੇ ਅੰਬਾਨੀ ਅਤੇ ਅਡਾਨੀ ਦਾ ਵਿਰੋਧ ਕਰ ਰਹੇ ਹਨ। ਇਸੇ ਵਿਰੋਧ ਵਿੱਚ ਰਿਲਾਇੰਸ ਕੰਪਨੀ ਨੇ ਸਾਫ਼ ਕੀਤਾ ਹੈ ਕਿ 3 ਨਵੇਂ ਖੇਤੀ ਕਾਨੂੰਨਾਂ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਤੇ ਕੰਪਨੀ ਨੇ ਕਦੇ ਵੀ ਕੋਰ ਕਾਰਪੋਰੇਟ ਜਾਂ ਕੰਟਰੈਕਟ ਖੇਤੀ ਨਹੀਂ ਕੀਤੀ ਹੈ ਅਤੇ ਨਾ ਹੀ ਭਵਿੱਖ ਵਿੱਚ ਇਸ ਕਾਰੋਬਾਰ ਵਿੱਚ ਉਤਰਨ ਦਾ ਕੋਈ ਇਰਾਦਾ ਹੈ। ਇਸ 'ਤੇ ਆਮ ਆਦਮੀ ਪਾਰਟੀ ਦੀ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਅੰਬਾਨੀ-ਅਡਾਨੀ ਵੀ ਭਾਜਪਾ ਸਰਕਾਰ ਦੇ ਬਰਾਬਰ ਜ਼ਿੰਮੇਵਾਰ ਹਨ।
ਬਲਜਿੰਦਰ ਕੌਰ ਨੇ ਕਿਹਾ ਕਿ ਕਿਸਾਨਾਂ ਨਾਲ ਗੱਲ ਕੀਤੇ ਬਿਨ੍ਹਾਂ ਭਾਜਪਾ ਸਰਕਾਰ ਨੇ ਨਵੇਂ ਖੇਤੀਬਾੜੀ ਕਾਨੂੰਨ ਲਾਗੂ ਕੀਤੇ ਹਨ ਤੇ ਕਿਸਾਨਾਂ ਨਾਲ ਭਾਜਪਾ ਵੱਲੋਂ ਕੀਤੇ ਇਸ ਧੋਖੇ ਦਾ ਖੁਮਿਆਜ਼ਾ ਹੁਣ ਸਰਕਾਰ ਨੂੰ ਭੁਗਤਣਾ ਪੈ ਰਿਹਾ ਹੈ।
ਹਾਲਾਂਕਿ ਬਲਜਿੰਦਰ ਕੌਰ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਰਿਲਾਇੰਸ ਗਰੁੱਪ ਵੱਲੋਂ ਕੰਟਰੈਕਟ ਫ਼ਾਰਮਿੰਗ ਕਰਨ ਬਾਰੇ ਕੋਈ ਵਿਚਾਰ ਨਹੀਂ ਕੀਤਾ ਜਾ ਰਿਹਾ। ਉਸ ਦਾ ਜਵਾਬ ਨਾ ਦਿੰਦਿਆਂ ਮੋਦੀ ਸਰਕਾਰ 'ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਭਾਜਪਾ ਸਰਕਾਰ ਨਵੇਂ ਖੇਤੀ ਕਾਨੂੰਨਾਂ ਨੂੰ ਵਾਰ-ਵਾਰ ਕਿਸਾਨਾਂ ਦੇ ਲਈ ਲਾਹੇਵੰਦ ਹੋਣ ਬਾਰੇ ਕਹਿ ਰਹੇ ਹਨ।