ਚੰਡੀਗੜ੍ਹ: ਖੇਤੀ ਬਿੱਲਾਂ ਨੂੰ ਲੈ ਕੇ ਸੂਬੇ ਭਰ ਵਿੱਚ ਕਿਸਾਨ ਵਿਰੋਧ ਕਰ ਰਹੇ ਹਨ। ਉੱਥੇ ਹੀ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕਾਂ ਨੂੰ ਦੁਸ਼ਹਿਰੇ ਮੌਕੇ ਇੱਕ ਅਨੋਖੀ ਹੀ ਅਪੀਲ ਕੀਤੀ ਹੈ। ਰਾਜਾ ਵੜਿੰਗ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦਾ ਕਿਸਾਨ ਸੜਕਾਂ 'ਤੇ ਸੰਘਰਸ਼ ਕਰ ਰਿਹਾ ਹੈ, ਹਰੇਕ ਪਾਰਟੀ ਤੇ ਵਰਗ ਕੇਂਦਰ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ।
ਵੜਿੰਗ ਨੇ ਕਿਹਾ ਕਿ ਸਰਕਾਰ ਤਾਂ ਸੁਣ ਨਹੀਂ ਰਹੀ ਜਿਸ ਕਰਕੇ ਅਸੀਂ ਹੁਣ ਕਿਸਾਨਾਂ ਨੂੰ ਸੁਨੇਹਾ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਦਾ ਪੁਤਲਾ ਬਣਾਉਣ ਤੇ ਘਰ ਦੇ ਬਾਹਰ ਦਰਵਾਜ਼ੇ ਦੇ ਸੱਜੇ ਪਾਸੇ ਲਟਕਾਉਣਾ ਹੈ। ਇਸ ਤੋਂ ਬਾਅਦ ਸ਼ਾਮ ਦੇ 4 ਵਜੇ ਤੋਂ 5 ਵਜੇ ਤੱਕ ਰੱਖ ਕੇ ਫਿਰ ਬੜੇ ਸਨਮਾਨ ਨਾਲ ਉਤਾਰਕੇ ਪੁਤਲੇ ਨੂੰ ਅਗਨ ਭੇਟ ਕਰੋ। ਅਗਨ ਭੇਟ ਕਰਕੇ ਪੁਤਲੇ ਦੀ ਰਾਖ ਨੂੰ ਪਾਣੀ ਵਿੱਚ ਵਹਾ ਕੇ ਆਓ।
ਵੜਿੰਗ ਨੇ ਕਿਹਾ ਕਿ ਇਹ ਕੰਮ ਉਦੋਂ ਤੱਕ ਕਰਨਾ ਹੈ, ਜਦੋਂ ਤੱਕ ਦੁਸ਼ਹਿਰਾ ਹੈ। ਵੜਿੰਗ ਨੇ ਅੱਗੇ ਕਿਹਾ ਕਿ ਇਹ ਕੰਮ ਪੰਜਾਬ ਦਾ ਹਰੇਕ ਵਿਅਕਤੀ ਕਰੇ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੁਨੇਹਾ ਦੇਣਾ ਹੈ ਕਿ ਜੇਕਰ ਲੋਕ ਉਨ੍ਹਾਂ ਦੇ ਮਗਰ ਲੱਗਦੇ ਹਨ ਤਾਂ ਉਨ੍ਹਾਂ ਨੂੰ ਵੀ ਲੋਕਾਂ ਦੀ ਗੱਲ ਸੁਣ ਕੇ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ ਹਨ।