ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਸੂਚਨਾ ਅਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦਾ ਅਹੁਦਾ ਸੰਭਾਲਿਆ। ਅਹੁਦਾ ਸੰਭਾਲਣ ਤੋਂ ਪਹਿਲਾਂ ਪਰਮਾਤਮਾ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।
ਅਮਨ ਅਰੋੜਾ ਦੇ ਅਹੁਦਾ ਸਾਂਭਣ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ, ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ, ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸਥਾਨਕ ਸਰਕਾਰਾਂ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ, ਕੁਲਵੰਤ ਸਿੰਘ, ਡਾ ਜੀਵਨਜੋਤ ਕੌਰ, ਦਵਿੰਦਰਜੀਤ ਸਿੰਘ ਲਾਡੀ ਤੇ ਨਰਿੰਦਰਪਾਲ ਸਿੰਘ ਸਵਨਾ (ਸਾਰੇ ਵਿਧਾਇਕ) ਹਾਜ਼ਰ ਸਨ।
ਕੈਬਨਿਟ ਮੰਤਰੀ ਅਮਨ ਅਰੋੜਾ ਜੋ ਸੁਨਾਮ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਹਨ, ਨੇ ਨਵੀਂ ਜ਼ਿੰਮੇਵਾਰੀ ਮਿਲਣ 'ਤੇ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ।
ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਪੱਖੀ ਤੇ ਸਮਾਜ ਭਲਾਈ ਸਕੀਮਾਂ ਅਤੇ ਪ੍ਰਾਜੈਕਟਾਂ ਨੂੰ ਆਧੁਨਿਕ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਅਸਲ ਲਾਭਪਾਤਰੀ ਇਨ੍ਹਾਂ ਦਾ ਤੁਰੰਤ ਫ਼ਾਇਦਾ ਲੈ ਸਕਣ। ਉਨ੍ਹਾਂ ਕਿਹਾ ਕਿ ਮੀਡੀਆ ਨਾਲ ਪਾਰਦਰਸ਼ੀ, ਜਵਾਬਦੇਹ, ਸਕਰਾਤਮਕ ਸਾਂਝ ਨੂੰ ਮਜ਼ਬੂਤ ਕਰਨਗੇ ਅਤੇ ਸੂਬੇ ਦੇ ਲੋਕਾਂ ਨੂੰ ਚੰਗੀ ਦਿੱਖ ਵਾਲਾ ਪ੍ਰਸ਼ਾਸਨ ਦੇਣਾ ਯਕੀਨੀ ਬਣਾਉਣਗੇ। ਇਸ ਮੌਕੇ ਮੌਜੂਦ ਮੰਤਰੀ ਸਾਹਿਬਾਨ ਨੇ ਉਮੀਦ ਜਤਾਈ ਕਿ ਸ੍ਰੀ ਅਮਨ ਅਰੋੜਾ ਇੱਕ ਮਿਹਨਤੀ, ਕੁਸ਼ਲ ਅਤੇ ਦੂਰਅੰਦੇਸ਼ ਆਗੂ ਹਨ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਵਿਭਾਗ ਦੂਣੀ-ਚੌਣੀ ਤਰੱਕੀ ਕਰੇਗਾ।
ਅਮਨ ਅਰੋੜਾ ਦੇ ਅਹੁਦਾ ਸਾਂਭਣ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਸ੍ਰੀ ਏ ਵੇਣੂੰ ਪ੍ਰਸਾਦ ਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਰਵੀ ਭਗਤ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਦੇ ਪ੍ਰਮੁੱਖ ਸਕੱਤਰ ਸ੍ਰੀ ਅਜੋਏ ਸਿਨਹਾ, ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ. ਗੁਰਕੀਰਤ ਕ੍ਰਿਪਾਲ ਸਿੰਘ ਤੇ ਡਾਇਰੈਕਟਰ ਸ੍ਰੀਮਤੀ ਸੋਨਾਲੀ ਗਿਰਿ, ਸੀ.ਏ. ਗਮਾਡਾ ਸ੍ਰੀ ਅਰਸ਼ਦੀਪ ਸਿੰਘ ਥਿੰਦ, ਸੀ.ਈ.ਓ. ਪੇਡਾ ਸ੍ਰੀ ਸੁਮੀਤ ਜਾਰੰਗਲ ਅਤੇ ਪਰਿਵਾਰਕ ਮੈਂਬਰਾਂ ਵਿੱਚ ਕੈਬਨਿਟ ਮੰਤਰੀ ਦੇ ਮਾਤਾ ਸ੍ਰੀਮਤੀ ਪ੍ਰਮੇਸ਼ਵਰੀ ਦੇਵੀ, ਪਤਨੀ ਸ੍ਰੀਮਤੀ ਸ਼ਬੀਨਾ ਅਰੋੜਾ, ਪੁੱਤਰ ਭੁਵੀਰ ਅਰੋੜਾ, ਭੈਣ ਸ੍ਰੀਮਤੀ ਨੀਨਾ ਮਲਹੋਤਰਾ, ਸਹੁਰਾ ਸ੍ਰੀ ਸੰਦੀਪ ਗਿਲਹੋਤਰਾ, ਸੱਸ ਸ੍ਰੀਮਤੀ ਰੰਜਨਾ ਅਤੇ ਹੋਰ ਪਰਿਵਾਰਕ ਮੈਂਬਰ ਤੇ ਸਨੇਹੀ ਮੌਜੂਦ ਸਨ।
ਇਹ ਵੀ ਪੜ੍ਹੋ: ਮਿੱਡੂਖੇੜਾ ਕਤਲਕਾਂਡ ਮਾਮਲਾ: ਹਾਈਕੋਰਟ ਨੇ ਫੈਸਲਿਆ ਰੱਖਿਆ ਸੁਰੱਖਿਅਤ