ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਵੀਡੀਓ ਕਾਨਫਰੰਸ ਰਾਹੀਂ ਹੋਈ ਕੋਵਿਡ-19 ਰੀਵਿਊ ਕਮੇਟੀ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਕੀਤੇ ਗਏ। ਬੈਠਕ ਖਤਮ ਹੋਣ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 11 ਜ਼ਿਲ੍ਹਿਆ ਵਿੱਚ ਰਾਤ ਦਾ ਕਰਫਿਊ ਲਗਾਇਆ ਗਿਆ ਹੈ ਅਤੇ 31 ਮਾਰਚ ਤੱਕ ਸਾਰੇ ਸਕੂਲ ਕਾਲਜ ਬੰਦ ਕਰਨ ਦੇ ਹੁਕਮਾਂ ਸਣੇ ਸਿਰਫ਼ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹਣ ਦੇ ਫਰਮਾਨ ਜਾਰੀ ਕੀਤੇ ਗਏ ਹਨ ਜਦਕਿ ਕਰਫਿਊ ਵਾਲੇ ਜ਼ਿਲ੍ਹਿਆਂ ਵਿੱਚ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਹਨ।
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਸਿਨੇਮਾ ਹਾਲ ਦੀ ਕਪੈਸਟੀ ਪੰਜਾਹ ਫ਼ੀਸਦੀ ਕਰ ਦਿੱਤੀ ਗਈ ਜਦ ਕਿ ਮਾਲ ਸਿਨੇਮਾ ਅੰਦਰ 100 ਲੋਕਾਂ ਨੂੰ ਪ੍ਰਵਾਨਗੀ ਹੋਵੇਗੀ ਅਤੇ ਵਿਆਹ ਸ਼ਾਦੀ ਅਤੇ ਮਰਗਦ ਵਿੱਚ 20 ਬੰਦਿਆਂ ਨੂੰ ਜਾਣ ਦੀ ਪ੍ਰਵਾਨਗੀ ਹੋਵੇਗੀ। ਸਰਕਾਰੀ ਹਸਪਤਾਲਾਂ ਦੇ ਵਿਚ ਮੁੜ ਕੋਵਿਡ ਬੈੱਡ ਲਗਾਉਣ ਦੇ ਹੁਕਮ ਦਿੱਤੇ ਗਏ ਹਨ ਅਤੇ ਸਾਰੀਆਂ ਸਰਜਰੀਆਂ ਮੁੜ ਬੰਦ ਕਰ ਦਿੱਤੀਆਂ ਗਈਆਂ ਹਨ। ਸਮਾਜਕ ਦੂਰੀ ਤੇ ਮਾਸਕ ਪਹਿਨਣ ਬਾਬਤ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਇੰਡਸਟਰੀ ਅਤੇ ਅਸੈਂਸ਼ੀਅਲ ਸਰਵਿਸ ਚੱਲਦੀਆਂ ਰਹਿਣਗੀਆਂ।
ਇਸ ਦੇ ਨਾਲ ਹੀ ਜਲੰਧਰ, ਲੁਧਿਆਣਾ, ਪਟਿਆਲਾ, ਮੁਹਾਲੀ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਨਵਾਂਸ਼ਹਿਰ, ਫ਼ਤਹਿਗੜ੍ਹ ਸਾਹਿਬ, ਰੋਪੜ ਅਤੇ ਮੋਗਾ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਤੇ ਕੰਮ ਆਨਲਾਈਨ ਹੀ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਵਿਭਾਗ ਨੂੰ ਜਲਦ ਤੋਂ ਜਲਦ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਕਰਨ ਦੇ ਹੁਕਮ ਵੀ ਦੇ ਦਿੱਤੇ ਹਨ।
ਉਧਰ 10 ਅਪ੍ਰੈਲ ਤੋਂ ਪ੍ਰਕਿਓਰਮੈਂਟ ਸ਼ੁਰੂ ਹੋਵੇਗੀ ਕਿਉਂਕਿ ਫੂਡ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਮੁਤਾਬਕ ਉਨ੍ਹਾਂ ਨੂੰ ਪਰਕਿਓਰਮੈਂਟ ਦੇ ਅਰੇਂਜਮੈਂਟ ਕਰਨ ਲਈ ਸਮਾਂ ਚਾਹੀਦਾ ਹੈ ਅਤੇ ਭਾਰਤ ਭੂਸ਼ਣ ਆਸ਼ੂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਲੈਟਰ ਲਿਖ ਕੇ ਗ਼ਰੀਬ ਕਲਿਆਣ ਯੋਜਨਾ ਵਿੱਚ ਉਨ੍ਹਾਂ ਨੂੰ ਹੋਰ ਸਮਾਂ ਦੇਣ ਦੀ ਮੰਗ ਕਰਨ ਲਈ ਕਿਹਾ।