ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰ ਵਿੱਚ ਕਈ ਤਰ੍ਹਾਂ ਦੀਆਂ ਆਫਤਾਂ ਸਾਹਮਣੇ ਆਈਆਂ ਹਨ। ਇਸ ਵਿੱਚ ਅਹਿਮ ਹੈ ਕੋਰੋਨਾ ਮਰੀਜ਼ਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਦੇਹਾਂ ਦੀ ਸੰਭਾਲ ਹੈ। ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੀਆਂ ਲਾਸ਼ਾਂ ਦੀ ਅਦਲਾ ਬਦਲੀ ਅਤੇ ਅੰਗਾਂ ਦੀ ਤਸਕਰੀ ਵਰਗੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਇਸੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਐੱਚ.ਸੀ. ਅਰੋੜਾ ਨੇ ਇੱਕ ਡਿਮਾਂਡ ਨੋਟਿਸ ਪੰਜਾਬ, ਹਰਿਆਣਾ, ਚੰਡੀਗੜ੍ਹ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਨੂੰ ਭੇਜਿਆ ਹੈ।
ਵਕੀਲ ਅਰੋੜਾ ਨੇ ਇਸ ਡਿਮਾਂਡ ਨੋਟਿਸ ਵਿੱਚ ਇਨ੍ਹਾਂ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੀਆ ਲਾਸ਼ਾਂ ਨੂੰ ਪਾਰਦਰਸ਼ੀ ਥੈਲੇ ਵਿੱਚ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਮਿ੍ਰਤਕਾਂ ਦੇ ਵਾਰਸ ਆਖਰੀ ਵੇਲੇ ਆਪਣਿਆਂ ਦੇ ਦਰਸ਼ਨ ਕਰ ਸਕਣਗੇ।
ਉਨ੍ਹਾਂ ਕਿਹਾ ਇਸੇ ਤਰ੍ਹਾਂ ਹੀ ਇਸ ਨਾਲ ਲਾਸ਼ਾਂ ਦੀ ਅਦਲਾ ਬਦਲੀ ਅਤੇ ਅੰਗ ਤਸਕਰੀ ਦੀਆਂ ਘਟਨਾਵਾਂ ਨੂੰ ਵੀ ਰੋਕਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਡਿਮਾਂਡ ਨੋਟਿਸ ਦਾ ਜਵਾਬ ਨਾ ਦਿੱਤਾ ਤਾਂ ਉਹ ਇਸ ਲਈ ਜਨ ਹਿੱਤ ਪਟੀਸ਼ਨ ਵੀ ਦਾਇਰ ਕਰਨਗੇ।