ਚੰਡੀਗੜ੍ਹ: ਪੰਜਾਬ ਦੇ ਮੁੱਦਿਆਂ ਨੂੰ ਸੰਸਦ ਤੱਕ ਪਹੁੰਚਾਉਣ ਵਾਲੇ ਆਮ ਆਦਮੀ ਪਾਰਟੀ ਦੇ ਇਕਲੌਤੇ ਸਾਂਸਦ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਸੂਬੇ ਦੀ ਕਾਂਗਰਸ ਸਰਕਾਰ ਉੱਤੇ ਨਿਸ਼ਾਨੇ ਵਿੰਨ੍ਹੇ। ਇਸ ਦੌਰਾਨ ਮਾਨ ਨੇ ਬਠਿੰਡਾ ਥਰਮਲ ਪਲਾਂਟ ਤੋਂ ਲੈ ਕੇ ਜਿਪਸਮ ਘੁਟਾਲੇ ਅਤੇ 2022 ਵਿਧਾਨ ਸਭਾ ਚੋਣਾਂ ਆਦਿ ਮੁੱਦਿਆਂ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ।
ਬਠਿੰਡਾ ਥਰਮਲ ਪਲਾਂਟ 'ਤੇ ਬੋਲੇ ਮਾਨ
ਭਗਵੰਤ ਮਾਨ ਨੇ ਕਿਹਾ ਕਿ ਗੁਰੂ ਨਾਨਕ ਦੇਵ ਦੀ 500ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਥਰਮਲ ਪਲਾਂਟ ਦੀ ਨੀਂਹ ਰੱਖ ਕੇ ਇਸ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਸੀ ਅਤੇ ਹੁਣ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਸਰਕਾਰ ਵੱਲੋਂ ਇਸ ਨੂੰ ਢਾਹੁਣਾ ਬੇਹੱਦ ਮੰਦਭਾਗਾ ਹੈ। ਇਸ ਸਬੰਧੀ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਵੀ ਲਿਖਿਆ ਹੈ ਕਿ ਉਹ ਇਸ ਮਾਮਲੇ ਵਿੱਚ ਦਖ਼ਲ ਦੇਣ।
ਨਿੱਜੀ ਹਸਪਤਾਲਾਂ ਨੂੰ ਪਲਾਜ਼ਮਾ ਵੇਚਣ ਦੀ ਨਿਖੇਧੀ
ਪੰਜਾਬ ਸਰਕਾਰ ਵੱਲੋਂ ਨਿੱਜੀ ਹਸਪਤਾਲਾਂ ਨੂੰ 20 ਹਜ਼ਾਰ ਰੁਪਏ ਵਿੱਚ ਪਲਾਜ਼ਮਾ ਵੇਚਣ ਦੀ ਯੋਜਨਾ ਦੀ ਨਿਖੇਧੀ ਕਰਦਿਆਂ ਮਾਨ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਲੋਕਾਂ ਨੂੰ ਪਲਾਜ਼ਮਾ ਡੋਨੇਟ ਕਰਨ ਲਈ ਕਹਿ ਰਹੀ ਹੈ ਅਤੇ ਦੂਜੇ ਪਾਸੇ ਇਸ ਨੂੰ ਨਿੱਜੀ ਹਸਪਤਾਲਾਂ ਨੂੰ ਵੇਚ ਕੇ ਮੁਨਾਫ਼ਾ ਕਮਾਉਣ ਦੀ ਯੋਜਨਾ ਬਣਾ ਰਹੀ ਹੈ। ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਪੰਜਾਬ ਦਾ ਸਭ ਕੁੱਝ ਵੇਚ ਚੁੱਕੀ ਹੈ ਤੇ ਹੁਣ ਪੰਜਾਬੀਆਂ ਦੇ ਖ਼ੂਨ ਦਾ ਸੌਦਾ ਕਰ ਰਹੀ ਹੈ।
ਜਿਪਸਮ ਘੋਟਾਲੇ 'ਤੇ ਸਰਕਾਰ ਨੂੰ ਘੇਰਿਆ
ਮਾਨ ਨੇ ਕਿਹਾ ਕਿ ਜਿੰਨੇ ਵੀ ਵਿਭਾਗਾਂ ਵਿੱਚ ਹੁਣ ਤੱਕ ਘੁਟਾਲੇ ਸਾਹਮਣੇ ਆਏ ਹਨ, ਉਹ ਸਾਰੇ ਵਿਭਾਗ ਖ਼ੁਦ ਮੁੱਖ ਮੰਤਰੀ ਦੇ ਅਧੀਨ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰੇਕ ਫ਼ਰੰਟ 'ਤੇ ਫ਼ੇਲ ਹੋਈ ਹੈ।
ਪੰਜਾਬ 'ਚ ਲਾਗੂ ਹੋਵੇਗਾ ਦਿੱਲੀ ਮਾਡਲ
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਜਿੱਤਣ ਦਾ ਦਾਅਵਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੋ ਕੰਮ ਕੀਤਾ ਹੈ, ਉਸ ਨੂੰ ਵੇਖ ਕੇ ਪੰਜਾਬ ਦੇ ਲੋਕ ਵੀ ਉਨ੍ਹਾਂ 'ਤੇ ਭਰੋਸਾ ਦਿਖਾਉਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਦਿੱਲੀ ਨਾਲੋਂ ਵੀ ਜ਼ਿਆਦਾ ਸਹੂਲਤਾਂ ਦੇਵੇਗੀ।