ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਇੱਕ ਰੋਜ਼ਾ ਮਾਨਸੂਨ ਇਜਲਾਸ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਪੀਪੀਈ ਕਿੱਟਾਂ ਪਾ ਕੇ ਵਿਧਾਨਸਭਾ ਪਹੁੰਚੇ। ਇਸ ਦੌਰਾਨ ਉਨ੍ਹਾਂ ਗਲੇ 'ਚ ਤਖ਼ਤੀਆਂ ਪਾ ਕੇ ਕਿਸਾਨ ਵਿਰੋਧੀ ਆਰਡੀਨੈਸ ਖਿਲਾਫ ਬਿਲ ਸਾਰਿਆਂ ਦੀ ਸਹਿਮਤੀ ਨਾਲ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਣ, ਪਰਾਲੀ ਸਾੜ੍ਹਨ ਪ੍ਰਤੀ ਪੱਕਾ ਹੱਲ ਕੱਢਣ, ਮੁਲਾਜ਼ਮਾਂ ਲਈ 6ਵਾਂ ਤਨਖ਼ਾਹ ਕਨਿਸ਼ਨ ਤੁਰੰਤ ਲਾਗੂ ਕਰਨ, ਡੀਏ ਦੀਆਂ 4 ਕਿਸ਼ਤਾਂ ਤੁਰੰਤ ਦਿੱਤੀਆਂ ਜਾਣ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੇ ਜਾਣ ਦੀ ਮੰਗ ਕੀਤੀ।
ਇਸ ਦੌਰਾਨ ਆਪ ਵਿਧਾਇਕ ਅਮਨ ਅਰੋੜਾ , ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾ ਮੌਜੂਦ ਸਨ। ਇਸ ਮੌਕੇ ਆਪ ਵਿਧਾਇਕ ਬਲਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਚੱਲਿਆ ਸੀ ਕਿ ਉਨ੍ਹਾਂ ਦੇ ਕੁਝ ਵਿਧਾਇਕਾਂ ਨੂੰ ਕੋਵਿਡ 19 ਜੇ ਚੱਲਦੇ ਇਜਲਾਸ 'ਚ ਨਹੀਂ ਆਉਣ ਦਿੱਤਾ ਜਾਵੇਗਾ ਇਸ ਲਈ ਉਨ੍ਹਾਂ ਦੇ ਵਿਧਾਇਕ ਪੀਪੀਈ ਕਿੱਟਾਂ ਪਾ ਕੇ ਵਿਧਾਨ ਸਭਾ ਦੇ ਸੈਸ਼ਨ ਲਈ ਪਹੁੰਚੇ ਹਨ। ਬਲਜਿੰਦਰ ਕੌਰ ਨੇ ਕਿਹਾ ਕਿ ਇਹ ਇਜਲਾਸ ਮਹਿਜ ਇੱਕ ਡਰਾਮਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਬਹੁਤ ਸਾਰੇ ਮੁੱਦੇ ਸਨ ਜੋ ਜਨਤਾ ਦੇ ਸਾਹਮਣੇ ਆਏ। ਅਜਿਹੇ 'ਚ ਸਰਕਾਰ ਇੱਕ ਦਿਨਾਂ ਇਜਸਾਲ 'ਚ ਕੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਡਰਾਮਾ ਹੈ ਜੋ ਸਰਕਾਰ ਨੇ ਲੋਕਾਂ ਨੂੰ ਭਰਮ 'ਚ ਪਾਉਣ ਲਈ ਕੀਤਾ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਪਹਿਲਾਂ ਹੀ ਵਾਕਆਉਟ ਕਰ ਗਈ ਹੈ। ਅਜਿਹੇ 'ਚ ਉਨ੍ਹਾਂ ਤੋਂ ਬਿਨ੍ਹਾਂ ਆਰਡੀਨੈਸਾਂ ਬਾਰੇ ਗੱਲ ਕਰਨ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਗੱਲਬਾਤ ਸਾਰੀਆਂ ਪਾਰਟੀਆਂ ਦੀ ਮੌਜੂਦਗੀ 'ਚ ਹੋਣੀ ਚਾਹੀਦੀ ਹੈ ਤਾਂ ਹੀ ਇਸ ਦਾ ਕੋਈ ਹੱਲ ਨਿਕਲ ਸਕਦਾ ਹੈ।
ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਅਸੀਂ ਆਪਣੀਆਂ ਨੈਗੇਟਿਵ ਰਿਪੋਰਟਾਂ ਲੈ ਕੇ ਆਏ ਹਨ। ਜੇ ਇਸ ਤੋਂ ਬਾਅਦ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਡਰ ਲਗਦਾ ਹੈ ਤਾਂ ਉਹ ਵਿਧਾਨ ਸਭਾ ਦੇ ਗੇਟ ਦੇ ਬਾਹਰ ਡਾਕਟਰ ਬੈਠਾ ਦੇਣ ਤੇ ਮੁੜ ਤੋਂ ਉਨ੍ਹਾਂ ਦਾ ਟੈਸਟ ਕਰਵਾ ਲੈਣ।
ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਦਲਿਤ ਵਿਦਿਆਰਥੀਆਂ ਨਾਲ ਹੋਏ ਘਪਲੇ ਦਾ ਵਿਰੋਧ ਕੀਤਾ। ਉਨ੍ਹਾਂ ਮੁੱਖ ਮੰਤਰੀ ਤੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਤੋਂ ਅਸਤੀਫ਼ੇ ਦੀ ਮੰਗ ਕੀਤੀ।
ਇਸ ਮੌਕੇ ਅਕਾਲੀ ਆਗੂ ਬਿਕਰਮ ਸਿੰਘ ਮਜੀਠਿਆ ਨੇ ਵੀ ਪੰਜਾਬ ਸਰਕਾਰ ਨੂੰ ਆੜੇ ਹੱਥੀ ਲਿਆ ਤੇ ਇਜਲਾਸ 'ਚ ਕੋਰੋਨਾ ਰਿਪੋਰਟ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਦਾ ਜੰਮ ਕੇ ਵਿਰੋਧ ਕੀਤਾ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਹੀ ਇਸ ਇਜਲਾਸ ਦਾ ਵਾਕਆਉਟ ਕਰ ਦਿੱਤਾ ਸੀ। ਇਸ ਤੋਂ ਬਾਅਦ ਵੀ ਨੌਜਵਾਨ ਵਿੰਗ ਦੇ ਅਕਾਲੀ ਦਲ ਦੇ ਆਗੂਆਂ ਨੇ ਵਿਧਾਨਸਭਾ ਬਾਹਰ ਧਰਨਾ ਪ੍ਰਦਰਸ਼ਨ ਕੀਤਾ।