ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਵੱਲੋਂ 2022 ਦੇ ਲਈ ਮੁੱਖ ਮੰਤਰੀ ਦੇ ਨਾਮੀ ਚਿਹਰਾ ਹੋਣ ਦੇ ਦਾਅਵੇ ਦਾ ਮਜ਼ਾਰ ਉਡਾਉਂਦਿਆਂ ਕਿਹਾ ''ਜਦੋਂ ਵਿਧਾਨ ਸਭਾ ਚੋਣਾਂ 'ਚ ਸਿਰਫ ਇੱਕ ਸਾਲ ਰਹਿੰਦਾ ਹੈ ਤਾਂ ਆਮ ਆਦਮੀ ਪਾਰਟੀ ਨਗਰ ਕੌਂਸਲ ਚੋਣਾਂ ਦੀ ਮੁਹਿੰਮ ਲਈ ਪੰਜਾਬ ਦਾ ਇੱਕ ਵੀ ਆਗੂ ਨਾ ਲੱਭ ਸਕੀ। 'ਆਪ' ਨੂੰ ਚੋਣ ਪ੍ਰਚਾਰ ਲਈ ਦਿੱਲੀ ਤੋਂ ਵਿਅਕਤੀ ਲਿਆਉਣੇ ਪਏ ਤੇ ਹੁਣ ਉਹ ਦਾਅਵੇ ਕਰਦੇ ਹਨ ਕਿ ਉਹ ਮੁੱਖ ਮੰਤਰੀ ਲਈ ਅਜਿਹਾ ਚਿਹਰਾ ਲੱਭਣਗੇ ਜੋ ਪੰਜਾਬ ਦਾ ਮਾਣ ਹੋਵੇਗਾ।
ਮੁੱਖ ਮੰਤਰੀ ਕੈਪਟਨ ਨੇ ਕਿਹਾ ਆਮ ਆਦਮੀ ਪਾਰਟੀ ਵੱਲੋਂ 'ਹਵਾਈ ਕਿਲ੍ਹੇ' ਉਸਾਰ ਕੇ ਸੂਬੇ 'ਚ ਸਰਕਾਰ ਬਣਾਉਣ ਦੀ ਪਾਲੀ ਗਈ ਲਾਲਸਾ ਦੀ ਉਹ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਇੱਕ ਪਾਰਟੀ, ਜੋ ਪੰਜਾਬ 'ਚ ਮੁਕੰਮਲ ਤੌਰ 'ਤੇ ਆਗੂਹੀਣ ਧਿਰ ਹੈ, ਉਹ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਨਾਮੀ ਚਿਹਰਾ ਹੋਣ ਦਾ ਦਾਅਵਾ ਕਰ ਰਹੀ ਹੈ।
ਉਨ੍ਹਾਂ ਕਿਹਾ, "ਪਿਛਲੇ ਪੰਜ ਸਾਲਾਂ ਵਿੱਚ ਕੀਤੀਆਂ ਗਲਤੀਆਂ ਤੋਂ ਕੁਝ ਸਿੱਖਣਾ ਤਾਂ ਦੂਰ ਦੀ ਗੱਲ, 'ਆਪ' ਪੰਜਾਬ 'ਚ ਆਪਣਾ ਨੁਕਸਾਨ ਕਰਵਾ ਰਹੀ ਹੈ ਤੇ ਇੱਥੋਂ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਇਸ ਨੂੰ ਭੋਰਾ ਵੀ ਸਮਝ ਜਾਂ ਚਿੰਤਾ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,''ਇਹ ਤਾਂ ਪੰਜਾਬ ਨੂੰ ਇਸ ਨੀਅਤ ਨਾਲ ਦੇਖਦੇ ਹਨ ਕਿ ਇਕ ਹੋਰ ਸੂਬੇ ਦੀ ਸੱਤਾ ਹਥਿਆਉਣੀ ਹੈ। ਜਦੋਂ ਕਿ ਇਨ੍ਹਾਂ ਨੂੰ ਸਾਡੇ ਲੋਕਾਂ ਦੀਆਂ ਸਮੱਸਿਆਵਾਂ ਨਜ਼ਰ ਨਹੀਂ ਆਉਂਦੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ , 'ਆਪ' ਬਾਹਰੀ ਧਿਰ ਹੈ ਤੇ ਉਸ ਵੇਲੇ ਤੱਕ ਬਾਹਰੀ ਹੀ ਰਹੇਗੀ, ਜਦੋਂ ਤੱਕ ਉਹ ਸੂਬੇ ਦੀਆਂ ਜ਼ਮੀਨੀ ਹਕੀਕਤਾਂ ਨਾਲੋਂ ਟੁੱਟੀ ਰਹੇਗੀ।''
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਨਾਂ ਤਾਂ ,'ਆਪ' ਅਤੇ ਨਾ ਹੀ ਇਸ ਦੇ ਦਿੱਲੀ ਪ੍ਰਸ਼ਾਸਨ ਵਾਲੇ ਮਾਡਲ ਦੀ ਲੋੜ ਹੈ। ਪੰਜਾਬ ਦਾ ਮਾਡਲ ਵਿਕਾਸ ਦੇ ਹਰੇਕ ਮੁੱਖ ਪਹਿਲੂ 'ਤੇ ਕੌਮੀ ਰਾਜਧਾਨੀ ਨਾਲੋਂ ਕਿਤੇ ਵਧੀਆ ਹੈ। ਉਨ੍ਹਾਂ ਕਿਹਾ ਕਿ ਹਰੇਕ ਲੰਘ ਰਹੇ ਵਰ੍ਹੇ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਸਰਕਾਰ ਕੌਮੀ ਰਾਜਧਾਨੀ ਨੂੰ ਬਰਬਾਦੀ ਵੱਲ ਧੱਕ ਰਹੀ ਹੈ, ਜਦੋਂ ਕਿ ਇਸ ਦੇ ਉਲਟ ਪੰਜਾਬ 'ਚ ਪਿਛਲੇ 4 ਸਾਲਾਂ ਦੌਰਾਨ ਵਿਕਾਸ ਤੇ ਪ੍ਰਗਤੀ ਹੋਈ ਹੈ।