ਚੰਡੀਗੜ੍ਹ: ਨਸ਼ਿਆਂ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਹਫ਼ਤਾ ਭਰ ਚੱਲਣ ਵਾਲੀ ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਸੂਬੇ ਭਰ ਵਿਚੋਂ 855 ਨਸ਼ਾ ਤਸ਼ਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕਰਕੇ ਐਨਡੀਪੀਐਸ ਐਕਟ ਅਧੀਨ 672 ਐਫਆਈਆਰ ਦਰਜ ਕੀਤੀਆਂ। ਇਹ ਮੁਹਿੰਮ 25 ਫਰਵਰੀ, 2021 ਨੂੰ ਸ਼ੁਰੂ ਹੋਈ ਸੀ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਦਿਨਕਰ ਗੁਪਤਾ ਵੱਲੋਂ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਤਹਿਤ ਪੁਲਿਸ ਨੇ ਸੂਬੇ ਭਰ ਵਿੱਚ ਨਸ਼ਿਆਂ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਨਾਕਾਬੰਦੀ, ਤਲਾਸ਼ੀ ਮੁਹਿੰਮ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਨਾਕੇ ਲਗਾ ਕੇ 16 ਕਿੱਲੋ ਹੈਰੋਇਨ, 35 ਕਿਲੋ ਅਫੀਮ, 46 ਕਿੱਲੋ ਗਾਂਜਾ, 12 ਕੁਇੰਟਲ ਭੁੱਕੀ ਅਤੇ 4.61 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ ਸਮੇਤ ਹੋਰ ਨਸ਼ੇ ਵੀ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਪੁਲਿਸ ਨੇ ਨਸ਼ਾ ਤਸਕਰਾਂ/ਸਪਲਾਇਰਾਂ ਵੱਲੋਂ ਗੈਰਕਨੂੰਨੀ ਢੰਗ ਨਾਲ ਬਣਾਈ 9.66 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਲਈ 18 ਪ੍ਰਸਤਾਵ ਤਿਆਰ ਕੀਤੇ ਹਨ। ਡੀਜੀਪੀ ਨੇ ਦੱਸਿਆ ਕਿ ਪੁਲਿਸ ਨੇ ਐਨਡੀਪੀਐਸ ਮਾਮਲਿਆਂ ਦੇ 34 ਘੋਸ਼ਿਤ ਅਪਰਾਧੀਆਂ (ਪੀਓਜ਼) ਨੂੰ ਵੀ ਗ੍ਰਿਫ਼ਤਾਰ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਦੇ ਤਹਿਤ ਪੰਜਾਬ ਪੁਲਿਸ ਸੂਬੇ ਵਿਚੋਂ ਨਸ਼ਿਆਂ ਦੇ ਖ਼ਾਤਮੇ ਲਈ ਵਚਨਬੱਧ ਹੈ। ਇਸ ਦੌਰਾਨ ਪੰਜਾਬ ਪੁਲਿਸ ਵੱਲੋਂ ਸੂਬੇ ਵਿਚ ਨਸ਼ਿਆਂ ਦੀ ਸਮੱਸਿਆ ’ਤੇ ਕਾਬੂ ਪਾਉਣ ਲਈ ਸਮੇਂ ਸਮੇਂ ’ਤੇ ਵਿਆਪਕ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।