ਚੰਡੀਗੜ੍ਹ: ਪੰਜਾਬ 'ਚ ਬੁਧਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਰਾਜ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਕੇ 99 ਪਹੁੰਚ ਗਈ ਹੈ।
ਮੋਹਾਲੀ 'ਚ ਸਭ ਤੋਂ ਵੱਧ ਮਰੀਜ਼
ਇਹ ਨਵੇਂ ਮਾਮਲੇ ਮੋਹਾਲੀ ਜ਼ਿਲ੍ਹੇ ਦੇ ਡੇਰਾ ਬੱਸੀ ਨੇੜਲੇ ਪਿੰਡ ਜਵਾਰਪੁਰ ਤੋਂ ਸਾਹਮਣੇ ਆਏ ਹਨ। ਜਿਸ ਨਾਲ ਜ਼ਿਲ੍ਹੇ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 26 ਹੋ ਗਈ ਹੈ। ਪੰਜਾਬ ਵਿੱਚ ਸਭ ਤੋਂ ਵੱਧ ਕੋਰੋਨਾ ਪੀੜਤ ਮੋਹਾਲੀ ਜ਼ਿਲ੍ਹੇ ਵਿੱਚ ਹਨ। ਉੱਥੇ ਹੀ ਮਾਨਸਾ ਤੋਂ ਵੀ ਕੋਰੋਨਾ ਵਾਇਰਸ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ।
ਬੀਤੇ ਸੋਮਵਾਰ ਨੂੰ ਪੰਜਾਬ ’ਚ 11 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿਚੋਂ ਤਬਲੀਗ਼ੀ ਜਮਾਤ ਦੇ 4 ਮੈਂਬਰ ਵੀ ਸ਼ਾਮਲ ਹਨ। ਪੰਜਾਬ ’ਚ ਕੱਲ੍ਹ ਇਹ ਗਿਣਤੀ 79 ਸੀ ਤੇ ਅੱਜ ਸਵੇਰੇ ਹੀ ਇਹ ਵਧ ਕੇ 99 ਹੋ ਗਈ ਹੈ।
ਕਪੂਰਥਲਾ 'ਚ ਪਹਿਲਾ ਕੇਸ
ਕਪੂਰਥਲਾ ਜ਼ਿਲ੍ਹੇ ’ਚ ਬੀਤੇ ਦਿਨੀ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਪਿਛਲੇ 3 ਦਿਨਾਂ 'ਚ ਕੋਰੋਨਾ ਨੇ ਪੰਜਾਬ ਦੇ 7 ਹੋਰ ਜ਼ਿਲ੍ਹਿਆਂ ਮਾਨਸਾ, ਰੋਪੜ, ਫ਼ਤਿਹਗੜ੍ਹ ਸਾਹਿਬ, ਪਠਾਨਕੋਟ, ਬਰਨਾਲਾ, ਕਪੂਰਥਲਾ ਤੇ ਫ਼ਰੀਦਕੋਟ ’ਚ ਆਪਣੇ ਪੈਰ ਪਸਾਰੇ ਹਨ। ਇੰਝ ਹੁਣ ਪੰਜਾਬ ਦੇ ਕੁੱਲ 22 ਜ਼ਿਲ੍ਹਿਆਂ ਵਿੱਚੋਂ 14 ’ਚ ਕੋਰੋਨਾ ਮਰੀਜ਼ ਮੌਜੂਦ ਹਨ।