ਚੰਡੀਗੜ੍ਹ: ਸ਼ਹਿਰ 'ਚ ਕੋਰੋਨਾ ਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਨਾਲ ਚੰਡੀਗੜ੍ਹ 'ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 6 ਹੋ ਗਈ ਹੈ।
ਪਿਛਲੇ ਪੰਜ ਦਿਨਾਂ ’ਚ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ (ਟ੍ਰਾਈਸਿਟੀ) ਵਿੱਚ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 11 ਹੋ ਗਈ ਹੈ। ਅੱਜ ਟ੍ਰਾਈਸਿਟੀ ਸਮੇਤ ਸਮੁੱਚੇ ਪੰਜਾਬ ਵਿੱਚ ਜਨਤਾ ਕਰਫ਼ਿਊ ਦਾ ਅਸਰ ਵਿਖ ਰਿਹਾ ਹੈ ਤੇ ਸਾਰੀਆਂ ਸੜਕਾਂ ਤੇ ਬਾਜ਼ਾਰ ਪੂਰੀ ਤਰ੍ਹਾਂ ਸੁੰਨੇ ਪਏ ਹਨ।
ਚੰਡੀਗੜ੍ਹ ਪ੍ਰਸ਼ਾਸਨ ਮੁਤਾਬਕ ਪੀੜਤ ਨੌਜਵਾਨ ਉਸੇ 23 ਸਾਲਾ ਲੜਕੀ ਦੇ ਸੰਪਰਕ ’ਚ ਰਿਹਾ ਸੀ, ਜੋ ਬੀਤੀ 15 ਮਾਰਚ ਨੂੰ ਇੰਗਲੈਂਡ ਤੋਂ ਪਰਤੀ ਸੀ ਤੇ 18 ਮਾਰਚ ਨੂੰ ਕੋਰੋਨਾ ਲਈ ਉਸ ਦਾ ਟੈਸਟ ਪਾਜ਼ੀਟਿਵ ਆਇਆ ਸੀ।
ਕੋਰੋਨਾ ਤੋਂ ਪੀੜਤ ਨੌਜਵਾਨ ਨੂੰ ਕੱਲ੍ਹ ਸਨਿੱਚਰਵਾਰ ਨੂੰ ਚੰਡੀਗੜ੍ਹ ਸੈਕਟਰ-32 ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਸ ਦੇ ਸੈਂਪਲਾਂ ਦਾ ਟੈਸਟ ਪੀਜੀਆਈ ’ਚ ਹੋਇਆ ਸੀ, ਜੋ ਪਾਜ਼ੀਟਿਵ ਪਾਇਆ ਗਿਆ।