ਚੰਡੀਗੜ੍ਹ: ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਸੋਮਵਾਰ ਦੀ ਰਾਤ ਨੂੰ ਭਾਰਤ ਅਤੇ ਚੀਨ ਦੀਆਂ ਫੌਜਾਂ ਦਰਮਿਆਨ ਹੋਈ ਝੜਪ ਵਿੱਚ ਪੰਜਾਬ ਦੇ ਚਾਰ ਸਪੂਤਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਇਹ ਚਾਰੋ ਸ਼ਹੀਦ ਜਵਾਨ ਪੰਜਾਬ ਦੇ ਸੰਗਰੂਰ, ਗੁਰਦਾਸਪੁਰ, ਪਟਿਆਲਾ ਅਤੇ ਮਾਨਸਾ ਨਾਲ ਸਬੰਧਤ ਹਨ।
ਸੰਗਰੂਰ ਪਿੰਡ ਤੋਲੇਵਾਲ ਦੇ 21 ਵਰ੍ਹਿਆਂ ਦਾ ਗੁਰਵਿੰਦਰ ਸਿੰਘ ਨੇ ਇਸ ਝੜਪ ਵਿੱਚ ਦੇਸ਼ ਲਈ ਆਪਣੀ ਸਰਵ-ਉੱਚ ਕੁਰਬਾਨੀ ਦਿੱਤੀ। ਪਟਿਆਲਾ ਦੇ ਨਾਇਬ ਸੂਬੇਦਾਰ ਮਨਦੀਪ ਸਿੰਘ, ਗੁਰਦਾਸਪੁਰ ਦੇ ਨਾਇਬ ਸੂਬੇਦਾਰ ਸਤਨਾਮ ਸਿੰਘ ਅਤੇ ਮਾਨਸਾ ਦੇ ਪਿੰਡ ਬੀਰੇਵਾਲ ਡੋਗਰਾ ਦੇ ਗੁਰਤੇਜ ਸਿੰਘ ਨੇ ਇਨ੍ਹਾਂ ਝੜਪਾਂ ਵਿੱਚ ਆਪਣਾ ਆਪ ਦੇਸ਼ ਦੀ ਸੁਰੱਖਿਆ ਲਈ ਕੁਰਬਾਨ ਕਰ ਦਿੱਤਾ।
ਪੰਜਾਬ ਦੇ ਚਾਰ ਜਵਾਨਾਂ ਦੇ ਸ਼ਹੀਦ ਹੋ ਜਾਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਅਤੇ ਸਰਕਾਰੀ ਨੌਕਰੀ ਸੂਬਾ ਸਰਕਾਰ ਵੱਲੋਂ ਦਿੱਤੀ ਜਾਵੇਗੀ।
ਭਾਰਤ ਚੀਨ ਵਿੱਚ ਪੂਰਬੀ ਲੱਦਾਖ ਵਿੱਚ ਸਰਹੱਦੀ ਟਕਰਾਅ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਇਸੇ ਟਕਰਾਅ ਨੂੰ ਲੈ ਕੇ ਦੋਵੇਂ ਪਾਸੇ ਗੱਲਬਾਤ ਵੀ ਲਗਾਤਾਰ ਜਾਰੀ ਹੈ। ਬੀਤੇ ਸੋਮਵਾਰ ਨੂੰ ਗਲਵਾਨ ਘਾਟੀ ਵਿੱਚ ਚੀਨ ਅਤੇ ਭਾਰਤ ਦੀਆਂ ਫੌਜਾਂ ਦਰਮਿਆਨ ਹੋਈ ਝੜਪ ਵਿੱਚ ਇੱਕ ਕਰਨਲ ਸਮੇਤ 20 ਜਵਾਨ ਸ਼ਹੀਦ ਹੋ ਗਏ ਸਨ।
ਜ਼ਿਕਰਯੋਗ ਹੈ ਕਿ ਪਿਛਲੇ ਪੰਜ ਹਫ਼ਤਿਆਂ ਤੋਂ ਪੂਰਬੀ ਲੱਦਾਖ ਦੇ ਕਈ ਇਲਾਕਿਆਂ ਵਿੱਚ ਗਲਵਾਨ ਘਾਟੀ ਸਮੇਤ ਵੱਡੀ ਗਿਣਤੀ 'ਚ ਭਾਰਤੀ ਅਤੇ ਚੀਨੀ ਸੈਨਿਕ ਆਹਮੋ-ਸਾਹਮਣੇ ਹੋਏ ਹਨ।