ਚੰਡੀਗੜ੍ਹ: ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸੀਨੀਅਰ ਆਈ.ਪੀ.ਐੱਸ ਅਫ਼ਸਰ ਆਈ.ਜੀ ਬਾਰਡਰ ਐੱਸ.ਪੀ ਐੱਸ ਪਰਮਾਰ ਦੀ ਅਗਵਾਈ ਵਾਲੀ ਐੱਸ.ਆਈ.ਟੀ ਨੇ ਬੇਅਦਬੀ ਮਾਮਲਿਆਂ 'ਚ ਪੋਸਟਰ ਲਾਉਣ ਦੇ ਮਾਮਲੇ 'ਚ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਹੈ। ਐੱਸ.ਆਈ.ਟੀ ਨੇ ਬੇਅਦਬੀ ਮਾਮਲਿਆਂ ਦੇ ਦੋ ਕੇਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਨ ਅਤੇ ਗਲੀਆਂ 'ਚ ਸੁੱਟਣ ਦੇ ਮਾਮਲੇ 'ਚ ਛੇ ਮੁਲਜ਼ਮਾਂ ਨੁੰ ਗ੍ਰਿਫਤਾਰ ਕੀਤਾ ਸੀ।
ਇਨ੍ਹਾਂ 'ਚੋਂ ਦੋ ਸੁਖਜਿੰਦਰ ਸਿੰਘ ਤੇ ਬਲਜੀਤ ਸਿੰਘ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ, ਜੋ ਇਸ ਸਮੇਂ ਫਰੀਦਕੋਟ ਮੈਡੀਕਲ ਕਾਲਜ 'ਚ ਦਾਖਲ ਹਨ। ਪੁਲਿਸ ਨੇ ਪਹਿਲਾਂ ਗ੍ਰਿਫ਼ਤਾਰ ਕੀਤੇ 6 ਵਿੱਚੋਂ 2 ਮੁਲਜ਼ਮਾਂ ਨੁੰ ਹੁਣ ਬੇਅਦਬੀ ਬਾਰੇ ਪੋਸਟਰ ਲਾਉਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ 'ਚ ਸ਼ਕਤੀ ਸਿੰਘ ਤੇ ਰਣਜੀਤ ਸਿੰਘ ਸ਼ਾਮਲ ਹਨ। ਸ਼ਕਤੀ ਸਿੰਘ ਅਤੇ ਰਣਜੀਤ ਸਿੰਘ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਨੁੰ 26 ਮਈ ਤੱਕ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।
ਇਸ ਕੇਸ ਦੇ ਬਾਕੀ ਦੋ ਦੋਸ਼ੀ ਸੁਖਜਿੰਦਰ ਸਿੰਘ ਅਤੇ ਬਲਜੀਤ ਸਿੰਘ ਫਰੀਦਕੋਟ ਹਸਪਤਾਲ 'ਚ ਦਾਖਲ ਹਨ। ਇਹ ਵੀ ਜ਼ਿਕਰਯੋਗ ਹੈ ਕਿ ਪਹਿਲੇ ਦੋ ਮਾਮਲਿਆਂ 'ਚ ਗ੍ਰਿਫ਼ਤਾਰ ਇਨ੍ਹਾਂ ਸਾਰੇ ਛੇ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਅੱਜ ਖਤਮ ਹੋ ਗਿਆ ਹੈ। ਅੱਜ ਨਵੇਂ ਮਾਮਲੇ 'ਚ ਪੁਲਿਸ ਰਿਮਾਂਡ ਲੈਣ ਵਾਲੀ ਟੀਮ ਦੀ ਅਗਵਾਈ ਐੱਸ.ਆਈ.ਟੀ ਦੇ ਮੈਂਬਰ ਏ.ਆਈ.ਜੀ ਰਾਜਿੰਦਰ ਸਿੰਘ ਸੋਹਲ ਕਰ ਰਹੇ ਸਨ।