ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ (PPCC President) ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਰੁੱਸ ਗਏ ਹਨ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਮ੍ਹੇ ਕਰਨ ਲਈ ਸ਼ਾਇਦ ਉਨ੍ਹਾਂ ਕੋਲ ਕਾਰਨ ਵੀ ਸੀ ਤੇ ਮੁੱਦੇ ਵੀ। ਕੈਪਟਨ ਅਮਰਿੰਦਰ ਸਿੰਘ ਦੇ ਗੱਦਿਓਂ ਲੱਥਣ ਉਪਰੰਤ ਇਹ ਹਾਲਾਤ ਬਣ ਗਏ ਸੀ ਕਿ ਹੁਣ ਪੰਜਾਬ ਵਿੱਚ ਕਾਂਗਰਸ ਆਉਂਦੇ ਚਾਰ ਮਹੀਨਿਆਂ ਵਿੱਚ ਕੁਝ ਮਸਲੇ ਹੱਲ ਕਰਕੇ ਚੋਣਾਂ ਵਿਚ ਜਾਣ ਲਾਇਕ ਹੋ ਜਾਏਗੀ। ਪਰ ਪ੍ਰਧਾਨਗੀ ਦੀ ਕੁਰਸੀ ‘ਤੇ ਕਾਬਜ ਹੋਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਸੰਤੁਸ਼ਟ ਨਹੀਂ ਹੋ ਸਕੇ।
ਸ਼ਾਇਦ ਨਵਜੋਤ ਸਿੱਧੂ ਸਰਕਾਰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਹਨ ਤੇ ਦੂਜੇ ਪਾਸੇ ਪਾਰਟੀ ਹਾਈਕਮਾਂਡ (Party High command) ਚੰਨੀ (Channi) ਨੂੰ ਸੁਤੰਤਰ ਤੌਰ ‘ਤੇ ਚਲਾਉਣ ਦੇ ਰੌਂਅ ਵਿੱਚ ਨਜ਼ਰ ਆ ਰਹੀ ਹੈ। ਮੁੱਖ ਮੰਤਰੀ (Chief Minister) ਬਣਦਿਆਂ ਹੀ ਚਰਨਜੀਤ ਸਿੰਘ ਚੰਨੀ ਨੇ ਸਰਕਾਰ ਵੱਲੋਂ ਲਏ ਜਾਣ ਵਾਲੇ ਫੈਸਲਿਆਂ ਵਿੱਚ ਮਨਮਰਜੀ ਚਲਾਈ ਤਾਂ ਸਿੱਧੂ ਨੇ ਆਪਣੇ ਤੇਵਰ ਵਿਖਾਉਣੇ ਸ਼ੁਰੂ ਕਰ ਦਿੱਤੇ। ਉਹ ਸਰਕਾਰ ਵੱਲੋਂ ਕੀਤੀਆਂ ਗਈਆਂ ਨਿਯੁਕਤੀਆਂ ਵਿੱਚ ਆਪਣੀ ਪਸੰਦ ਦੇ ਅਫਸਰਾਂ ਨੂੰ ਲਗਾਉਣਾ ਚਾਹੁੰਦੇ ਸੀ ਪਰ ਦੋ ਅਜਿਹੀ ਨਿਯੁਕਤੀਆਂ ਹੋ ਗਈਆਂ, ਜਿਨ੍ਹਾਂ ਵਿੱਚ ਸਿੱਧੂ ਦੀ ਬਿਲਕੁਲ ਨਾ ਚੱਲ ਸਕੀ ਤੇ ਆਖਰ ਉਨ੍ਹਾਂ ਨਾ ਸਿਰਫ ਅਸਤੀਫਾ ਦੇ ਦਿੱਤਾ, ਸਗੋਂ ਖੁੱਲ੍ਹ ਕੇ ਫੇਰ ਮੋਰਚਾ ਖੋਲ੍ਹ ਦਿੱਤਾ ਕਿ ਉਹ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰ ਸਕਦੇ।
ਇਹ ਦੋ ਨਿਯੁਕਤੀਆਂ ਡੀਜੀਪੀ (DGP) ਅਤੇ ਐਡਵੋਕੇਟ ਜਨਰਲ (Advocate General) ਦੀ ਸੀ। ਆਈਪੀਐਸ ਅਫਸਰ ਇਕਬਾਲਪ੍ਰੀਤ ਸਿੰਘ ਸਹੋਤਾ (Iqbalpreet Sahaota) ਨੂੰ ਸੀਐਮ ਚੰਨੀ ਨੇ ਪੰਜਾਬ ਪੁਲਿਸ ਦਾ ਮੁਖੀ ਯਾਨੀ ਡੀਜੀਪੀ ਲਗਾ ਦਿੱਤਾ। ਨਵਜੋਤ ਸਿੱਧੂ ਸਹੋਤਾ ਨੂੰ ਡੀਜੀਪੀ ਬਣਾਉਣ ਦੇ ਹੱਕ ਵਿੱਚ ਨਹੀਂ ਸੀ। ਸੂਤਰਾਂ ਮੁਤਾਬਕ ਸਿੱਧੂ ਦੀ ਨਰਾਜਗੀ ਇਹ ਸੀ ਕੀ ਬੇਅਦਬੀ ਕੇਸਾਂ ਦੀ ਜਾਂਚ ਵਿੱਚ ਲੱਗੀ ਪੁਲਿਸ ਟੀਮਾਂ ਵਿੱਚੋਂ ਇੱਕ ਯੁਨਿਟ ਦੇ ਮੁਖੀ ਸਹੋਤਾ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਕੁਝ ਨਹੀਂ ਕੀਤਾ। ਸਹੋਤਾ ਦੀ ਨਿਯੁਕਤੀ ਇਸ ਫੁਰਤੀ ਨਾਲ ਹੋਈ ਕਿ ਉਨ੍ਹਾਂ ਦੀ ਫਾਈਲ ਤੁਰੰਤ ਤਿਆਰ ਕਰਕੇ ਨਿਯੁਕਤੀ ਕਰ ਦਿੱਤੀ ਗਈ। ਸਿੱਧੂ ਹਾਲਾਂਕਿ ਸਿਧਾਰਥ ਚਟੋਪਾਧਿਆਇ ਨੂੰ ਡੀਜੀਪੀ ਲਗਾਉਣਾ ਚਾਹੁੰਦੇ ਸੀ ਪਰ ਅਜਿਹਾ ਨਹੀਂ ਹੋ ਸਕਿਆ ਤੇ ਚੰਨੀ ਨੇ ਆਪਣੀ ਮੁੱਖ ਮੰਤਰੀ ਦੀ ਤਾਕਤਾਂ ਦਾ ਸੁਤੰਤਰ ਇਸਤੇਮਾਲ ਕੀਤਾ।
ਇਸੇ ਤਰ੍ਹਾਂ ਸੀਨੀਅਰ ਵਕੀਲ ਏਪੀਐਸ ਦਿਓਲ (APS Deol) ਦੀ ਐਡਵੋਕੇਟ ਜਨਰਲ ਦੀ ਨਿਯੁਕਤੀ ‘ਤੇ ਵੀ ਨਵਜੋਤ ਸਿੰਘ ਸਿੱਧੂ ਸਹਿਮਤ ਨਹੀਂ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਐਡਵੋਕੇਟ ਦਿਓਲ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੇ ਵਕੀਲ ਰਹੇ ਹਨ ਤੇ ਉਨ੍ਹਾਂ ਨੇ ਸੈਣੀ ਨੂੰ ਜਮਾਨਤ ਦਿਵਾਈ ਹੈ। ਸੈਣੀ ਦਾ ਨਾਮ ਬਹਿਬਲਕਲਾਂ ਗੋਲੀਕਾਂਡ ਸਬੰਧੀ ਐਫਆਈਆਰ ਵਿੱਚ ਸ਼ਾਮਲ ਕੀਤਾ ਹੋਇਆ ਹੈ। ਅਜਿਹੇ ਵਿੱਚ ਸਿੱਧੂ ਦਾ ਮੰਨਣਾ ਸੀ ਕਿ ਦਿਓਲ ਨੂੰ ਏਜੀ ਲਗਾਉਣਾ ਗਲਤ ਹੈ। ਦਿਓਲ ਦੀ ਨਿਯੁਕਤੀ ਵੀ ਤੁਰਤ ਕਰਵਾਈ ਗਈ, ਉਨ੍ਹਾਂ ਦੇ ਨਾਂ ਦੀ ਫਾਈਲ ਰਾਜਪਾਲ ਨੂੰ ਭੇਜ ਕੇ ਕਲੀਅਰ ਕਰਵਾਈ ਗਈ। ਅਜਿਹੇ ਕਾਰਨਾਂ ਕਰਕੇ ਸਿੱਧੂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹਾਲਾਂਕਿ ਸੀਐਮ ਚੰਨੀ ਨੇ ਦੋ ਮੈਂਬਰੀ ਮੰਤਰੀਆਂ ਦੀ ਇੱਕ ਕਮੇਟੀ ਬਣਾਈ ਹੈ, ਜਿਹੜੀ ਕਿ ਸਿੱਧੂ ਨਾਲ ਗੱਲਬਾਤ ਕਰ ਰਹੀ ਹੈ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਕਲੇਸ਼: ਕੈਪਟਨ ਨੂੰ ਮਜਬੂਤੀ ਦੇ ਰਹੇ ਕੇਂਦਰੀ ਕਾਂਗਰਸੀ!