ਬਠਿੰਡਾ: ਪੰਜਾਬ ਵਿੱਚ 13 ਅਪ੍ਰੈਲ ਨੂੰ ਕਿਸਾਨਾਂ ਵੱਲੋਂ ਕਣਕ ਨੂੰ ਦਾਤੀ ਲਾਈ ਜਾਂਦੀ ਹੈ ਪਰ ਇਸ ਵਾਰ ਮੌਸਮ ਦੇ ਬਦਲੇ ਮਿਜ਼ਾਜ ਅਤੇ ਅਗੇਤੀ ਗਰਮੀ ਪੈਣ ਕਾਰਨ ਹਾੜ੍ਹੀ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ ਹੈ। ਅਗੇਤੀ ਗਰਮੀ ਪੈਣ ਕਾਰਨ ਜਿਥੇ ਕਣਕ ਦਾ ਝਾੜ ਘਟਿਆ ਹੈ ਉੱਥੇ ਹੀ ਕਣਕ ਦਾ ਦਾਣਾ ਸੁੰਗੜ ਜਾਣ ਕਾਰਨ ਮੌਜੂ ਦਾਣੇ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਇਨ੍ਹਾਂ ਦਾ ਅਸਰ ਕਿਸਾਨਾਂ ਦੀ ਆਮਦਨ 'ਤੇ ਦੇਖਣ ਨੂੰ ਮਿਲ ਰਿਹਾ ਹੈ।
ਪ੍ਰਤੀ ਏਕੜ 5 ਤੋਂ 7 ਮਣ ਘਟਿਆ ਕਣਕ ਦਾ ਝਾੜ: ਬਠਿੰਡਾ ਦੀ ਦਾਣਾ ਮੰਡੀ ਵਿਚ ਵੱਖ ਵੱਖ ਥਾਵਾਂ ਤੋਂ ਕਣਕ ਦੀ ਫਸਲ ਲੈ ਕੇ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਅਗੇਤੀ ਗਰਮੀ ਪੈਣ ਕਾਰਨ ਜਿੱਥੇ ਹਾੜ੍ਹੀ ਦੀ ਫਸਲ ਅਗੇਤੀ ਆ ਗਈ ਹੈ ਉੱਥੇ ਹੀ ਇਸ ਗਰਮੀ ਕਾਰਨ ਆਮ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਹੈ।
ਗਰਮੀ ਕਾਰਨ ਜਿੱਥੇ ਕਣਕਾਂ ਜਲਦੀ ਪੱਕ ਗਈਆਂ ਉਥੇ ਹੀ ਕਣਕ ਦਾ ਦਾਣਾ ਸੁੰਗੜ ਗਿਆ ਜਿਸ ਕਾਰਨ ਝਾੜ ਤੇ ਬਹੁਤ ਅਸਰ ਪਿਆ ਹੈ। ਪ੍ਰਤੀ ਏਕੜ 5 ਤੋਂ 7 ਮਣ ਕਣਕ ਦਾ ਝਾੜ ਘਟਿਆ ਹੈ, ਇਸਦੇ ਨਾਲ ਹੀ ਦਾਣਾ ਸੁੰਗੜਨ ਕਾਰਨ ਜੋ ਦਾਣੇ ਦੀ ਗਿਣਤੀ ਵਧੀ ਹੈ। ਖਰੀਦ ਏਜੰਸੀਆਂ ਵੱਲੋਂ ਇਹ ਕਣਕ ਨਹੀਂ ਖਰੀਦੀ ਜਾਵੇਗੀ ਜਿਸ ਕਾਰਨ ਕਿਸਾਨਾਂ ਨੂੰ ਹੀ ਆਪਣੇ ਕੋਲ ਡੰਗਰਾਂ ਦੇ ਖਾਣ ਵਾਸਤੇ ਰੱਖਣੀ ਪਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਮੌਸਮ ਦੀ ਮਾਰ ਕਾਰਨ ਖਰਾਬ ਹੋਈ ਕਣਕ ਦੀ ਫਸਲ ਸੰਬੰਧੀ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ।
ਮੌਸਮ ਦੀ ਤਬਦੀਲੀ ਕਾਰਨ ਇੱਕ ਹਫਤਾ ਪਹਿਲਾਂ ਹੀ ਮੰਡੀਆਂ ਵਿੱਚ ਆਈ ਕਣਕ ਦੀ ਫਸਲ: ਮਾਰਕੀਟ ਕਮੇਟੀ ਬਠਿੰਡਾ ਦੇ ਅਧਿਕਾਰੀ ਪ੍ਰੀਤ ਕਮਲ ਸਿੰਘ ਬਰਾੜ ਦਾ ਕਹਿਣਾ ਹੈ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਇੱਕ ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ, ਪਰ ਬਠਿੰਡਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ 13-14 ਅਪ੍ਰੈਲ ਨੂੰ ਸ਼ੁਰੂ ਹੁੰਦੀ ਸੀ। ਇਸ ਵਾਰ ਮੌਸਮ ਦੀ ਮਾਰ ਕਾਰਨ ਕਣਕ ਅਗੇਤੀ ਹੀ ਮੰਡੀਆਂ ਵਿੱਚ ਆ ਗਈ। ਮਾਰਕੀਟ ਕਮੇਟੀ ਵੱਲੋਂ ਕਣਕ ਦੀ ਖ਼ਰੀਦ ਸਬੰਧੀ ਐਡਵਾਂਸ ਵਿੱਚ ਹੀ ਪੁਖਤਾ ਪ੍ਰਬੰਧ ਕੀਤੇ ਗਏ ਸਨ, ਪਰ ਇਸ ਵਾਰ ਕਣਕ ਦਾ ਝਾੜ ਘਟਣ ਕਾਰਨ ਕਿਸਾਨ ਨਿਰਾਸ਼ ਨਜ਼ਰ ਆ ਰਹੇ ਹਨ।
ਕਰੀਬ ਅੱਧੀ ਦਰਜਨ ਥਾਵਾਂ ਤੇ ਕਣਕ ਅਤੇ ਨਾੜ ਨੂੰ ਲੱਗੀ ਅੱਗ: ਬਠਿੰਡਾ ਫਾਇਰ ਸਟੇਸ਼ਨ ਦੇ ਅਧਿਕਾਰੀ ਵਰਿੰਦਰ ਸਿੰਘ ਦਾ ਕਹਿਣਾ ਹੈ ਕਿ ਇੱਕ ਅਪ੍ਰੈਲ ਤੋਂ ਹੁਣ ਤੱਕ ਕਰੀਬ ਅੱਧੀ ਦਰਜਨ ਥਾਵਾਂ ਉਪਰ ਕਣਕ ਅਤੇ ਨਾੜ ਨੂੰ ਅੱਗ ਲੱਗੀ ਹੈ, ਜਿਸ 'ਤੇ ਫਾਇਰ ਬ੍ਰਿਗੇਡ ਬਠਿੰਡਾ ਵੱਲੋਂ ਕਾਬੂ ਪਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲੇ ਇਨਫਾਸਟ੍ਰਕਚਰ ਤਾਂ ਪੂਰਾ ਹੈ, ਪਰ ਸਟਾਫ ਦੀ ਬਹੁਤ ਵੱਡੀ ਕਮੀ ਹੈ ਜਿਸ ਸਬੰਧੀ ਉਨ੍ਹਾਂ ਵੱਲੋਂ ਵਾਰ-ਵਾਰ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੰਬਾਈਨਾਂ ਦੀ ਜਗ੍ਹਾ ਹੱਥੀਂ ਵਾਢੀ ਕਰਨ ਤਾਂ ਜੋ ਕੰਪੇਨ ਵਿੱਚੋਂ ਨਿਕਲੇ ਕਿਸੇ ਸਪਾਰਕ ਕਾਰਨ ਅੱਗ ਨਾ ਲੱਗ ਸਕੇ। ਖੁੱਲ੍ਹੇ ਚੁੱਲੇ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਅਤੇ ਬੀੜੀ ਸਿਗਰੇਟ ਵਰਤਣ ਵਾਲਿਆਂ ਨੂੰ ਵਰਜਿਆ ਜਾਣਾ ਚਾਹੀਦਾ ਤਾਂ ਜੋ ਇਸ ਹਾੜ੍ਹੀ ਦੀ ਫਸਲ ਨੂੰ ਅੱਗ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ: ਖੌਫ਼ਨਾਕ ! ਰੋਪੜ ’ਚ ਟ੍ਰਿਪਲ ਮਡਰ, ਵਿਰੋਧੀਆਂ ਨੇ ਘੇਰੀ ਸਰਕਾਰ