ਬਠਿੰਡਾ: ਪਿੰਡ ਬੀੜ ਬਹਿਮਣ ਵਿੱਚ ਛੱਪੜ 'ਚ ਜਮ੍ਹਾਂ ਹੋਣ ਵਾਲੇ ਬਰਸਾਤੀ ਅਤੇ ਘਰਾਂ ਦੇ ਗੰਦੇ ਪਾਣੀ ਨੂੰ ਵਾਟਰ ਟ੍ਰੀਟਮੈਂਟ ਪਲਾਂਟ ਰਾਹੀਂ ਫਿਲਟਰ ਕਰਕੇ ਫਸਲਾਂ ਨੂੰ ਲਗਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਲਗਾਤਾਰ ਪਾਣੀ ਦੇ ਘੱਟ ਦੇ ਪਧੱਰ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਅਜਿਹੇ 'ਚ ਪਿੰਡ ਵਾਲਿਆਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਪੰਜਾਬ ਲਈ ਮਿਸਾਲ ਕਾਇਮ ਕਰ ਰਿਹਾ ਹੈ।
ਬਠਿੰਡਾ ਦੇ ਪਿੰਡ ਬੀੜ ਬਹਿਮਣ ਦੀ ਪੰਚਾਇਤ ਵੱਲੋਂ ਪਹਿਲਕਦਮੀ ਕਰਦੇ ਹੋਏ ਪਾਣੀ ਨੂੰ ਬਚਾਉਣ ਦੇ ਲਈ ਇੱਕ ਵਾਟਰ ਟਰੀਟਮੈਂਟ ਪਲਾਂਟ ਲਗਾਇਆ ਗਿਆ ਹੈ। ਇਸ ਵਾਟਰ ਟਰੀਟਮੈਂਟ ਪਲਾਂਟ ਰਾਹੀਂ ਘਰਾਂ ਅਤੇ ਬਰਸਾਤੀ ਪਾਣੀ ਜੋ ਪਿੰਡ ਦੇ ਛੱਪੜ ਵਿੱਚ ਜਾ ਕੇ ਡਿੱਗਦਾ ਹੈ। ਉਸ ਨੂੰ ਫਿਲਟਰ ਕਰਕੇ ਖੇਤਾਂ ਵਿੱਚ ਫਸਲਾਂ ਨੂੰ ਭੇਜਿਆ ਜਾਂਦਾ ਹੈ।
ਪਿੰਡ ਦੀ ਪੰਚਾਇਤ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟ ਦੇ ਲਈ ਉਨ੍ਹਾਂ ਦਾ 30 ਲੱਖ ਰੁਪਏ ਦਾ ਖਰਚ ਆ ਚੁੱਕਿਆ ਹੈ ਅਤੇ ਇਸ ਵਾਟਰ ਟ੍ਰੀਟਮੈਂਟ ਪਲਾਂਟ ਨੂੰ ਲਗਾਉਣ ਲਈ ਪਿੰਡ ਦੇ ਪੰਚਾਇਤ ਦੀ ਲਗਭਗ 4 ਏਕੜ ਦੀ ਜ਼ਮੀਨ ਵਿੱਚ ਤੇ ਘਰਾਂ 'ਚੋਂ ਨਿਕਲਣ ਵਾਲਾ ਪਾਣੀ, ਨਾਲੀਆਂ ਰਾਹੀਂ ਛੱਪੜ ਵਿੱਚ ਜਮ੍ਹਾਂ ਹੁੰਦਾ ਹੈ, ਜਿਸ ਨੂੰ ਜਾਲੀਆਂ ਲਗਾ ਕੇ 4 ਗੇੜ ਵਿੱਚੋਂ ਕੱਢਿਆ ਜਾਦਾ ਹੈ, ਜਦ ਪਾਣੀ ਸਾਫ਼ ਹੋ ਜਾਂਦਾ ਹੈ ਤਾਂ ਉਸ ਨੂੰ ਪਿੰਡ ਦੇ ਖੇਤਾਂ ਵਿੱਚ ਫ਼ਸਲਾਂ ਨੂੰ ਭੇਜ ਦਿੱਤਾ ਜਾਂਦਾ ਹੈ।
ਪਿੰਡ ਵਾਲਿਆਂ ਦੇ ਇਸ ਉਪਰਾਲੇ ਨਾਲ ਉਨ੍ਹਾਂ ਨੂੰ ਧਰਤੀ ਤੋਂ ਪਾਣੀ ਕੱਢਣ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਘਰਾਂ ਵਿੱਚੋਂ ਨਿਕਲੇ ਪਾਣੀ ਅਤੇ ਬਰਸਾਤ ਦੇ ਪਾਣੀ ਨੂੰ ਮੁੜ ਤੋਂ ਵਰਤੋਂ 'ਚ ਲਿਆਇਆ ਜਾਂਦਾ ਹੈ। ਇਸ ਵਾਟਰ ਟਰੀਟਮੈਂਟ ਪਲਾਂਟ ਨੂੰ ਬਣਾਉਣ ਦੇ ਲਈ ਪਿੰਡ ਦੀ ਪੰਚਾਇਤ ਤੋਂ ਇਲਾਵਾ ਪਿੰਡ ਵਾਸੀਆਂ ਦਾ ਵੀ ਵੱਡਾ ਸਹਿਯੋਗ ਰਿਹਾ ਹੈ।