ਬਠਿੰਡਾ: ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਫੁੱਲੋ ਖਾਰੀ ਵਿਖੇ ਦੇਸ਼ ਦੇ ਸਭ ਤੋਂ ਵੱਡਾ ਤੇਲ ਸੋਧਕ ਕਾਰਖਾਨਾ, ਗੁਰੂ ਗੋਬਿੰਦ ਸਿੰਘ ਰਿਫਾਇਨਰੀ ਸਥਿਤ ਹੈ। ਰੁਜ਼ਗਾਰ ਪੱਖੋਂ ਰਿਫਾਇਨਰੀ ਕਾਰਨ ਇਲਾਕਾ ਵਾਸੀਆਂ ਨੂੰ ਕਈ ਫਾਇਦੇ ਹੋਏ ਹਨ। ਇਸ ਰਿਫਾਇਨਰੀ ਦੇ ਨਾਲ ਲਗਦੇ ਪਿੰਡਾਂ ਦੇ ਕਿਸਾਨ ਰਿਫਾਇਨਰੀ 'ਚੋਂ ਨਿਕਲਣ ਵਾਲੇ ਦੂਸ਼ਿਤ ਪਾਣੀ ਕਾਰਨ ਬੇਹਦ ਪਰੇਸ਼ਾਨ ਹਨ।
ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨਾਲ ਲਗਦੇ ਪਿੰਡ ਕਨਕਵਾਲ ਦੇ ਕਿਸਾਨਾਂ ਲਈ ਰਿਫਾਇਨਰੀ ਦਾ ਦੂਸ਼ਿਤ ਪਾਣੀ ਪਰੇਸ਼ਾਨੀ ਦਾ ਸਬਬ ਬਣ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਰਿਫਾਇਨਰੀ ਦੀ ਕੰਧ ਦੀਆਂ ਦਰਜ਼ਾਂ ਵਿਚੋਂ ਦੂਸ਼ਿਤ ਪਾਣੀ ਨਿਕਲ ਕਿਸਾਨਾਂ ਦੇ ਖੇਤਾਂ 'ਚ ਆ ਵੜਿਆ ਹੈ। ਜਿਸ ਕਾਰਨ ਉਨ੍ਹਾਂ ਦੀ ਕਈ ਏਕੜ ਫਸਲ ਗੰਦੇ ਪਾਣੀ ਕਾਰਨ ਖ਼ਰਾਬ ਹੋ ਗਈ ਹੈ। ਇਸ ਪਾਣੀ 'ਚ ਕਈ ਤਰ੍ਹਾਂ ਦੇ ਕੈਮਿਕਲ, ਗੈਸਾਂ ਤੇ ਤੇਲ ਆਦਿ ਮਿਲਿਆ ਹੋਇਆ ਹੈ, ਜਿਸ ਨਾਲ ਚਮੜੀ ਰੋਗ ਤੇ ਹੋਰਨਾਂ ਬਿਮਾਰੀਆਂ ਦਾ ਖ਼ਤਰਾ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਬਾਰੇ ਕਈ ਵਾਰ ਰਿਫਾਇਨਰੀ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਤੋਂ ਜਾਣੂ ਕਰਵਾ ਚੁੱਕੇ ਹਨ, ਪਰ ਉਥੋਂ ਦੇ ਅਧਿਕਾਰੀ ਇਸ ਨੂੰ ਪੰਜਾਬ ਸਰਕਾਰ ਦਾ ਮਾਮਲਾ ਦੱਸ ਕੇ ਪੱਲਾ ਝਾੜ ਲੈਂਦੇ ਹਨ।
ਇਸ ਮੌਕੇ ਕਿਸਾਨਾਂ ਦਾ ਸਮਰਥਨ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਕੱਤਰ ਸਰੂਪ ਸਿੰਘ ਸਿੱਧੂ ਪੁਜੇ। ਉਨ੍ਹਾਂ ਕਿਸਾਨਾਂ ਨੇ ਖੇਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜੇਕਰ ਰਿਫਾਇਨਰੀ ਦੇ ਮਾਲਕਾਂ ਵੱਲੋਂ ਕੰਧ ਦੇ ਦਰਜ਼ਾਂ ਨੂੰ ਬੰਦ ਨਾ ਕੀਤਾ ਗਿਆ ਤੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਨਾ ਕੀਤੀ ਗਈ ਤਾਂ ਕਿਸਾਨ ਯੂਨੀਅਨ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਖਿਲਾਫ ਵੱਡਾ ਸੰਘਰਸ਼ ਕਰੇਗੀ।