ਬਠਿੰਡਾ: ਕੋਰੋਨਾ ਮਹਾਂਮਾਰੀ ਦਾ ਕਹਿਰ ਪੂਰੀ ਦੁਨੀਆ 'ਚ ਜਾਰੀ ਹੈ। ਇਸ ਦੀ ਲਪੇਟ 'ਚ ਹਰ ਵਰਗ ਦੇ ਲੋਕ ਆ ਰਹੇ ਹਨ। ਪੰਜਾਬ ਕੈਬਿਨੇਟ ਦੇ ਮੰਤਰੀ ਵੀ ਇਸ ਲਾਗ ਤੋਂ ਬੱਚ ਨਹੀਂ ਸਕੇ ਹਨ। ਬੀਤੇ ਦਿਨੀਂ ਬਠਿੰਡਾ ਦੇ ਐਸਐਸਪੀ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਵਿਤ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ।
ਮਨਪ੍ਰੀਤ ਬਾਦਲ ਨੇ ਫੇਸਬੁਕ 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਆਪਣੀ ਪੋਸਟ 'ਚ ਲਿਖਿਆ, "ਬਠਿੰਡਾ ਦੇ ਐੱਸਐੱਸਪੀ ਕੋਰੋਨਾ ਪੌਜ਼ੀਟਿਵ ਆਏ ਹਨ ਤੇ ਮੈਂ ਉਨ੍ਹਾਂ ਨੂੰ 15 ਅਗਸਤ ਨੂੰ ਜ਼ਿਲ੍ਹਾਂ ਪੱਧਰੀ ਸੁਤੰਤਰਤਾ ਦਿਵਸ ਦੇ ਸਮਾਗਮ ਵਿੱਚ ਮਿਲਿਆ ਸੀ। ਡਾਰਟਰੀ ਸਲਾਹ ਅਨੁਸਾਰ ਤੇ ਆਪਣੇ ਪਰਿਵਾਰ ਤੇ ਪਾਰਟੀ ਵਰਕਰਾਂ ਦੀ ਸੁਰੱਖਿਆ ਲਈ ਮੈਂ ਸਵੈ ਇਕਾਂਤਵਾਸ ਵਿੱਚ ਜਾ ਰਿਹਾ ਹਾਂ ਤੇ ਇਸ ਸਮੇਂ ਦੌਰਾਨ ਮੇਰੇ ਵੱਲੋਂ ਕੋਈ ਵੀ ਪਬਲਿਕ ਮੀਟਿੰਗ ਨਹੀਂ ਕੀਤੀ ਜਾਵੇਗੀ।"
ਇਸ ਦੇ ਨਾਲ ਹੀ ਬਠਿੰਡਾ ਦੇ ਡਿਪਟੀ ਕਮਿਸ਼ਨਰ, ਕਮਿਸ਼ਨਰ, ਆਈਜੀ ਅਤੇ ਕਈ ਪੁਲਿਸ ਅਧਿਕਾਰੀਆਂ ਨੂੰ ਵੀ ਇਕਾਂਤਵਾਸ ਰਹਿਣ ਦੇ ਲਈ ਫਰਮਾਨ ਜਾਰੀ ਹੋਏ ਹਨ। ਦੱਸਦਈਏ ਕਿ ਆਜ਼ਾਦੀ ਦਿਹਾੜੇ ਤੋਂ ਬਾਅਦ ਸੂਬੇ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਰਿਪੋਰਟ ਵੀ ਕੋਰੋਨਾ ਪੌਜ਼ੀਟਿਵ ਪਾਈ ਗਈ ਹੈ।
ਦੱਸਣਯੋਗ ਹੈ ਕਿ ਕੈਪਟਨ ਵਜ਼ਾਰਤ 'ਤੋਂ ਹੁਣ ਤੱਕ ਕਈ ਮੰਤਰੀ ਤੇ ਵਿਧਾਇਕ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ। ਜ਼ਿਕਰੇ ਖਾਸ ਹੈ ਕਿ ਪੰਜਾਬ 'ਚ ਹੁਣ ਤੱਕ ਕੋਰੋਨਾ ਨਾਲ 30,041 ਮਰੀਜ਼ ਪੀੜਤ ਹਨ, ਜਿਨ੍ਹਾਂ ਵਿਚੋਂ 771 ਮਰੀਜ਼ਾ ਦੀ ਮੌਤ ਹੋ ਗਈ ਹੈ। ਇੱਥੇ ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ 18,863 ਲੋਕ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ।