ਬਠਿੰਡਾ: ਨਸ਼ਿਆਂ ਦੇ ਖਾਤਮੇ ਨੂੰ ਪਹਿਲੀ ਤਰਜੀਹ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਦੇ ਦਾਅਵੇ ਵਾਅਦੇ ਖੋਖਲੇ ਨਜਰ ਆ ਰਹੇ ਹਨ। ਆਏ ਦਿਨ ਨੌਜਵਾਨ ਨਸ਼ੇ ਦੀ ਭੇਂਟ ਚੜ ਰਹੇ ਹਨ। ਤਾਜ਼ਾ ਮਾਮਲਾ ਤਲਵੰਡੀ ਸਾਬੋ ਤੋਂ ਸਾਹਮਣੇ ਆਇਆ ਹੈ ਜਿੱਤੇ ਬਾਕਸਿੰਗ ਦਾ ਕੌਮੀ ਪੱਧਰ ਦਾ 5 ਵਾਰ ਦਾ ਤਗਮਾ ਜੇਤੂ ਖਿਡਾਰੀ ਨਸ਼ੇ ਦੀ ਭੇਂਟ ਚੜ ਗਿਆ।
ਮਿਲੀ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਬਾਕਸਿੰਗ ਦਾ ਕੌਮੀ ਪੱਧਰ ਦਾ ਖਿਡਾਰੀ ਸੀ। ਹੁਣ ਤੱਕ ਹੋਏ ਕੌਮੀ ਬਾਕਸਿੰਗ ਮੁਕਾਬਲਿਆਂ ਵਿੱਚ ਜਿੱਥੇ ਉਸਨੇ 5 ਤਗਮੇ ਆਪਣੇ ਨਾਂ ਕੀਤੇ ਸਨ ਉੱਥੇ ਉਹ ਦੋ ਵਾਰ ਗੋਲਡ ਮੈਡਲ ਜਿੱਤ ਚੁੱਕਾ ਸੀ।
ਬਾਕਸਿੰਗ ਕੋਚ ਹਰਦੀਪ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 11 ਵਜੇ ਕੁਲਦੀਪ ਘਰੋਂ ਨਿਕਲਿਆ ਸੀ ਪਰ ਸ਼ਾਮ ਤੱਕ ਉਸ ਨਾਲ ਸੰਪਰਕ ਨਾ ਹੋਣ ਤੇ ਉਸਦੀ ਭਾਲ ਕੀਤੀ ਗਈ ਤਾਂ ਰਾਮਾਂ ਰੋਡ ਤੇ ਪੈਂਦੇ ਰਜਬਾਹੇ ਦੇ ਇੱਕ ਕਿਨਾਰੇ ਖੇਤਾਂ ਵਿੱਚੋਂ ਉਸਦੀ ਲਾਸ਼ ਬਰਾਮਦ ਹੋਈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਸ ਕੋਲੋਂ ਇੱਕ ਸਰਿੰਜ ਵੀ ਮਿਲੀ ਹੈ ਜਿਸ ਨੂੰ ਦੇਖਦਿਆਂ ਲੱਗਦਾ ਹੈ ਕਿ ਉਸਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ।
ਹਾਲਾਂਕਿ ਮ੍ਰਿਤਕ ਦੇ ਵਾਰਿਸਾਂ ਨੇ ਉਸਨੂੰ ਕਿਸੇ ਵੱਲੋਂ ਉਕਤ ਟੀਕਾ ਲਗਾਏ ਜਾਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀ ਕੀਤਾ ਕਿਉਂਕਿ ਉਨਾਂ ਮੁਤਾਬਿਕ ਉਹ ਨਸ਼ੇ ਦਾ ਆਦੀ ਨਹੀ ਸੀ। ਉੱਧਰ ਖਿਡਾਰੀ ਦੀ ਦੇਹ ਨੂੰ ਤੁਰੰਤ ਐਂਬੂਲੈਂਸ ਰਾਹੀਂ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਤੇ ਵੱਡੀ ਗਿਣਤੀ ਖਿਡਾਰੀਆਂ ਨੇ ਕਥਿਤ ਦੋਸ਼ ਲਾਏ ਕਿ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਨਸ਼ਾ ਜ਼ੋਰ ਸ਼ੋਰ ਨਾਲ ਵਿਕ ਰਿਹਾ ਹੈ। ਪਰ ਪੁਲਿਸ ਪ੍ਰਸ਼ਾਸਨ ਅੱਖਾਂ ਮੂੰਦ ਕੇ ਬੈਠਾ ਹੈ,ਕਈ ਖਿਡਾਰੀ ਇਸ ਮੌਕੇ ਭੁੱਬਾਂ ਮਾਰ ਰੋਂਦੇ ਦਿਖਾਈ ਦਿੱਤੇ।
ਮਾਮਲੇ ਦੀ ਜਾਣਕਾਰੀ ਮਿਲਦੇ ਹੀ ਮੌਕੇ ਉੱਤੇ ਪਹੁੰਚੇ ਐਸਆਈ ਧਰਮਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: 1947 ’ਚ ਵੰਡ ਦੌਰਾਨ ਵਿਛੜੇ ਭੈਣ ਭਰਾ ਦੀ ਹੁਣ ਇੰਝ ਹੋਵੇਗੀ ਮੁਲਾਕਾਤ