ਬਠਿੰਡਾ: ਸ਼ਹਿਰ 'ਚ ਇੱਕ 24 ਸਾਲਾਂ ਮਹਿਲਾ ਨਾਲ ਸਮੂਹਿਰ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ 'ਚ ਇੱਕ ਮਹਿਲਾ ਵੀ ਸ਼ਾਮਿਲ ਹੈ। ਪੁਲਿਸ ਚੌਥੇ ਮੁਲਜ਼ਮ ਦੀ ਭਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਪੀੜਤ ਮਹਿਲਾ ਦੇ ਪਤੀ ਦੇ ਦੋਸਤ ਸਨ।
ਬਠਿੰਡਾ ਦੇ ਲਾਇਨੋ ਪਾਰ ਇਲਾਕੇ ਦੀ ਰਹਿਣ ਵਾਲੀ 24 ਸਾਲਾ ਮਹਿਲਾ ਦਾ ਪਤੀ ਕਾਫੀ ਸਮੇਂ ਤੋਂ 307 ਦੇ ਕੇਸ ਵਿੱਚ ਜੇਲ 'ਚ ਬੰਦ ਸੀ। ਪੀੜਤ ਮਹਿਲਾ ਨੇ ਆਪਣੇ ਪਤੀ ਦੀ ਜ਼ਮਾਨਤ ਕਰਾਉਣ ਲਈ ਆਪਣੇ ਪਤੀ ਦੇ ਦੋਸਤਾਂ ਤੋਂ ਮਦਦ ਲਈ ਸੰਪਰਕ ਕੀਤਾ। ਪੀੜਤ ਮਹਿਲਾ ਨੇ ਦੱਸਿਆ ਕਿ ਉਸ ਨੂੰ ਇੱਕ ਵਿਅਕਤੀ ਨੇ ਆਪਣੇ ਘਰ ਬੁਲਾਇਆ ਸੀ। ਇਸ ਦੌਰਾਨ ਉਸ ਨੂੰ ਜੂਸ 'ਚ ਕੁਝ ਮਿਲਾ ਕੇ ਉਸ ਨੂੰ ਬੇਸੁੱਧ ਕਰ ਦਿੱਤਾ, ਜਿਸ ਬਾਅਦ ਉਨ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ।
ਪੀੜਤ ਮਹਿਲਾ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਲਈ ਉਸ ਨੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਕਿਸੇ ਨੂੰ ਨਹੀ ਦੱਸਿਆ, ਪਰ ਇਸ ਦਾ ਫਾਇਦਾ ਉਠਾਉਂਦੇ ਹੋਏ ਮੁਲਜ਼ਮ ਮਨਪ੍ਰੀਤ ਤੇ ਉਸ ਦੇ ਸਾਥੀ ਉਸ ਨੂੰ ਬਲੈਕਮੇਲ ਕਰਨ ਲੱਗ ਪਏ ਤੇ ਉਸ ਕੋਲੋਂ ਰੁਪਇਆਂ ਦੀ ਮੰਗ ਕਰਨ ਲੱਗ ਪਏ। ਪੀੜਤ ਮਹਿਲਾ ਨੇ ਦੱਸਿਆ ਕਿ ਇਸ ਕੰਮ ਵਿੱਚ ਮੁਲਜ਼ਮ ਮਨਪ੍ਰੀਤ ਸਿੰਘ ਦੀ ਪਤਨੀ ਖੁਸ਼ੀ ਵੀ ਉਨ੍ਹਾਂ ਦਾ ਸਾਥ ਦਿੰਦੀ ਸੀ। ਪੀੜਤ ਮਹਿਲਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੀਆਂ ਧਮਕੀਆਂ ਤੇ ਪੈਸੇ ਦੀ ਮੰਗ ਤੋਂ ਪਰੇਸ਼ਾਨ ਹੋ ਕੇ ਉਸ ਨੇ ਉਨ੍ਹਾਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ।
ਇਸ ਮਾਮਲੇ 'ਤੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤ ਔਰਤ ਦੀ ਸ਼ਿਕਾਇਤ 'ਤੇ ਕਥਿਤ ਦੋਸ਼ੀ ਮਨਪ੍ਰੀਤ ਸਿੰਘ ਉਸਦੀ ਪਤਨੀ ਖੁਸ਼ੀ ਤੇ ਈਸ਼ਵਰ ਦਾਸ ਨੂੰ ਗਿਰਫ਼ਤਾਰ ਕਰ ਲਿਆ ਹੈ ਜਦੋਂਕਿ ਹਰਪ੍ਰੀਤ ਸਿੰਘ ਦੀ ਗਿਰਫ਼ਤਾਰੀ ਹੋਣੀ ਅਜੇ ਬਾਕੀ ਹੈ।