ਬਠਿੰਡਾ: ਸਿਹਤ ਵਿਭਾਗ ਵੱਲੋਂ ਫੂਡ ਸੇਫਟੀ ਐਕਟ ਅਧੀਨ ਸ਼ਰਾਬ ਠੇਕੇਦਾਰਾਂ ਨੂੰ ਲੈ ਕੇ ਨੋਟਿਸ ਕੱਢਿਆ ਗਿਆ ਹੈ। ਪ੍ਰਤੀ ਠੇਕੇ ਦੇ ਆਧਾਰ ’ਤੇ ਲਾਇਸੈਂਸ ਲੈਣ ਦੀ ਹਦਾਇਤ ਕੀਤੀ ਗਈ ਹੈ। ਇਸ ਸਬੰਧੀ ਬਠਿੰਡਾ ਦੇ ਡੀਐਚਓ ਨੇ ਕਿਹਾ ਕਿ ਸ਼ਰਾਬ ਠੇਕੇਦਾਰਾਂ ਨੂੰ ਫੂਡ ਸੇਫਟੀ ਐਕਟ ਅਧੀਨ ਲਾਇਸੰਸ ਬਣਾਉਣਾ ਪਵੇਗਾ।
ਇਸ ਸਬੰਧੀ ਬਠਿੰਡਾ ਦੇ ਡੀਐਚਓ ਊਸ਼ਾ ਗੋਇਲ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਉਨ੍ਹਾਂ ਵੱਲੋਂ ਸ਼ਰਾਬ ਠੇਕੇਦਾਰਾਂ ਨੂੰ ਇਹ ਨੋਟਿਸ ਕੱਢੇ ਗਏ ਹਨ ਅਤੇ ਫੂਡ ਸੇਫਟੀ ਐਕਟ ਅਧੀਨ ਲਾਇਸੈਂਸ ਲੈਣ ਦੀ ਹਦਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਲਾਇਸੈਂਸ ਦੀ ਫੀਸ ਪ੍ਰਤੀ ਠੇਕਾ ਦੋ ਹਜ਼ਾਰ ਰੁਪਏ ਹੈ, ਪਰ ਜੇਕਰ ਇਹ ਲਾਇਸੈਂਸ ਨਹੀਂ ਲਿਆ ਜਾਂਦਾ ਤਾਂ ਪੰਜ ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਫਿਲਹਾਲ ਇਹ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਲਗਪਗ ਬਠਿੰਡਾ ਜ਼ਿਲ੍ਹੇ ਵਿੱਚ 200 ਦੇ ਕਰੀਬ ਸ਼ਰਾਬ ਠੇਕੇ ਜਿਨ੍ਹਾਂ ਨੂੰ ਫੂਡ ਸੈਫਟੀ ਐਕਟ ਅਧੀਨ ਲਾਇਸੈਂਸ ਲੈਣਾ ਪਵੇਗਾ ਫੂਡ ਸੇਫਟੀ ਐਕਟ ਹੋਲਸੇਲਰ ਅਤੇ ਰਿਟੇਲਰ ਦੋਨਾਂ ਨੂੰ ਹੀ ਲੈਣਾ ਪਵੇਗਾ।
ਉੱਥੇ ਹੀ ਦੂਜੇ ਪਾਸੇ ਫੂਡ ਸੇਫਟੀ ਐਕਟ ਸਬੰਧੀ ਬਠਿੰਡਾ ਦੇ ਸ਼ਰਾਬ ਠੇਕੇਦਾਰ ਹਰੀਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਤਿੰਨ ਮਹੀਨਿਆਂ ਦੀ ਐਕਸਟੇਂਸ਼ਨ ਤਹਿਤ ਸ਼ਰਾਬ ਠੇਕੇ ਦਿੱਤੇ ਗਏ ਹਨ ਅਤੇ ਉਹ ਇਸ ਸਬੰਧੀ ਪਤਾ ਕਰ ਰਹੇ ਹਨ ਕਿਉਂਕਿ ਫੂਡ ਸੇਫਟੀ ਐਕਟ ਦੀ ਫੀਸ ਇੱਕ ਸਾਲ ਦੀ ਹੁੰਦੀ ਹੈ। ਜੇਕਰ ਉਨ੍ਹਾਂ ਨੂੰ ਸ਼ਰਾਬ ਦੇ ਠੇਕੇ ਅੱਗੇ ਦਿੱਤੇ ਜਾਂਦੇ ਹਨ ਤਾਂ ਹੀ ਉਹ ਫੂਡ ਸੇਫਟੀ ਐਕਟ ਤਹਿਤ ਲਾਇਸੈਂਸ ਲੈਣਗੇ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਸ ਸਬੰਧੀ ਪ੍ਰਸ਼ਾਸਨ ਨਾਲ ਗੱਲਬਾਤ ਕਰਨਗੇ।
ਇਹ ਵੀ ਪੜੋ: ਪੰਜਾਬ ਵਿਧਾਨਸਭਾ ਭਰਤੀ ਘੁਟਾਲਾ: ਸਪੀਕਰ ਸੰਧਵਾਂ ਵੱਲੋਂ ਕਰਵਾਈ ਜਾਵੇਗੀ ਜਾਂਚ