ਬਠਿੰਡਾ: ਜ਼ਿਲ੍ਹੇ ਚ ਪਿਛਲੇ ਦੋ ਦਿਨਾਂ ਤੋਂ ਕਲਾਸ ਫੋਰ ਐਸੋਸੀਏਸ਼ਨ ਵੱਲੋਂ ਲਗਾਤਾਰ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹੁਣ ਇਨ੍ਹਾਂ ਦੇ ਸਮਰਥਨ ਵਿਚ ਸਰਕਾਰੀ ਹਸਪਤਾਲ ਦੇ ਡਾਕਟਰ ਵੀ ਆ ਗਏ ਹਨ ਜਿਸ ਕਾਰਨ ਉਨ੍ਹਾਂ ਵੱਲੋਂ ਓਪੀਡੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜਿਸ ਕਾਰਨ ਹਸਪਤਾਲ ਵਿੱਚ ਦਵਾਈ ਲੈਣ ਆਏ ਮਰੀਜ਼ਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਓਪੀਡੀ ਸੇਵਾਵਾਂ ਬੰਦ, ਮਰੀਜ਼ ਪਰੇਸ਼ਾਨ: ਹਸਪਤਾਲ ਵਿੱਚ ਦਵਾਈ ਲੈਣ ਆਏ ਮਰੀਜ਼ਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਹੜਤਾਲ ਸਬੰਧੀ ਪਹਿਲਾਂ ਨਹੀਂ ਦੱਸਿਆ ਗਿਆ ਜਿਸ ਕਾਰਨ ਉਨ੍ਹਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹ ਦੂਰ ਦੁਰਾਡੇ ਤੋਂ ਦਵਾਈ ਲੈਣ ਲਈ ਸਰਕਾਰੀ ਹਸਪਤਾਲ ਪਹੁੰਚੇ ਸਨ ਉਨ੍ਹਾਂ ਕਿਹਾ ਕਿ ਜੇ ਡਾਕਟਰ ਨੇ ਹੜਤਾਲ ਤੇ ਜਾਣਾ ਸੀ ਤਾਂ ਉਹ ਕਿਤੇ ਇਸ ਸੰਬੰਧੀ ਸੂਚਨਾ ਦਿੰਦੇ ਤਾਂ ਜੋ ਮਰੀਜ਼ਾਂ ਨੂੰ ਇਨ੍ਹਾਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪੈਂਦਾ।
ਹੜਤਾਲ ਕਾਰਨ ਖੱਜਲ ਮਰੀਜ਼: ਮਰੀਜ਼ਾਂ ਦਾ ਕਹਿਣਾ ਹੈ ਕਿ ਉਹ ਦਿਹਾੜੀ ਕਰਨ ਵਾਲੇ ਹਨ ਆਪਣੀ ਦਿਹਾੜੀ ਛੱਡ ਕੇ ਇੱਥੇ ਆਏ ਸੀ ਪਰ ਇੱਥੇ ਹੜਤਾਲ ਦੇ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਬਿਮਾਰ ਹਨ ਪਰ ਉਨ੍ਹਾਂ ਦੀ ਇੱਥੇ ਬਿਲਕੁੱਲ ਵੀ ਪੁੱਛਗਿੱਛ ਨਹੀਂ ਹੋ ਰਹੀ ਹੈ। ਉੱਥੇ ਹੀ ਦੂਜੇ ਪਾਸੇ ਇੱਕ ਹੋਰ ਮਰੀਜ਼ ਨੇ ਕਿਹਾ ਕਿ ਇੱਥੇ ਹਸਪਤਾਲ ਚ ਉਨ੍ਹਾਂ ਦੀ ਬਿਲਕੁੱਲ ਵੀ ਗੱਲ ਨਹੀਂ ਸੁਣੀ ਜਾ ਰਹੀ ਹੈ। ਸਾਰਿਆਂ ਨੂੰ ਸੋਚਣਾ ਚਾਹੀਦਾ ਹੈ। ਮਰੀਜ਼ਾਂ ਨੂੰ ਹੜਤਾਲ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਟਾਫ ਨੂੰ ਮਰੀਜ਼ਾਂ ਦਾ ਸੋਚਣਾ ਚਾਹੀਦਾ ਹੈ। ਮਰੀਜ਼ਾਂ ਨੂੰ ਖੱਜਲ ਨਹੀਂ ਹੋਣ ਦੇਣਾ ਚਾਹੀਦਾ ਹੈ।
ਇਹ ਹੈ ਮਾਮਲਾ: ਕਾਬਿਲੇਗੌਰ ਹੈ ਕਿ ਪਿਛਲੇ ਦਿਨੀਂ ਸਰਕਾਰੀ ਹਸਪਤਾਲ ਚ ਕਲਾਸ ਫੋਰ ਵਰਕਰ ਨਾਲ ਮਰੀਜ਼ ਨਾਲ ਆਏ ਪਰਿਵਾਰਿਕ ਮੈਂਬਰਾਂ ਨੇ ਕੁੱਟਮਾਰ ਕੀਤੀ ਸੀ ਜਿਸ ਕਾਰਨ ਕਾਲਸ ਫੋਰ ਐਸੋਸੀਏਸ਼ਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਦੇ ਬਾਵਜੁਦ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਸਾਰੇ ਹੈਲਥ ਵਰਕਰਾਂ ਵੱਲ਼ੋਂ ਐਮਰਜੈਂਸੀ ਸੇਵਾਵਾਂ ਨੂੰ ਛੱਡ ਬਾਕੀਆਂ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ: ਤਾਲਮੇਲ ਕਮੇਟੀ ਦੇ ਮੈਂਬਰ ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਦੇ ਬਾਵਜੂਦ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜਦਕਿ ਐੱਸਐੱਸਪੀ ਬਠਿੰਡਾ ਵੱਲੋਂ ਲਗਾਤਾਰ ਹੈਲਥ ਵਰਕਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਵੀ ਹੈਲਥ ਵਰਕਰਾਂ ’ਤੇ ਮਾਮਲੇ ਦਰਜ ਕੀਤੇ ਜਾਣਗੇ, ਜਿਸ ਤੋਂ ਸਾਫ ਜ਼ਾਹਰ ਹੈ ਕਿ ਦੋਸ਼ੀਆਂ ਨੂੰ ਬਚਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਦੋਂ ਤੱਕ ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਇਹ ਪ੍ਰਦਰਸ਼ਨੀ ਇਸੇ ਤਰ੍ਹਾਂ ਜਾਰੀ ਰਹੇਗਾ।
ਇਹ ਵੀ ਪੜੋ: ਭਾਰਤ-ਪਾਕਿਸਤਾਨ ਸਰਹੱਦ ’ਤੇ ਡਰੋਨ ਦੀ ਹਲਚਲ, ਬੀਐਸਐਫ ਨੇ ਕੀਤੀ ਫਾਇਰਿੰਗ