ਬਠਿੰਡਾ: ਸੰਗਰੂਰ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਪੁੱਛ ਪੜਤਾਲ ਲਈ ਪ੍ਰੋਡਕਸ਼ਨ ਵਾਰੰਟ 'ਤੇ ਬਠਿੰਡਾ ਲਿਜਾਇਆ ਗਿਆ ਹੈ। ਸੀਆਈਏ ਦੇ ਇੰਚਾਰਜ ਤਜਿੰਦਰ ਸਿੰਘ ਨੇ ਦੱਸਿਆ ਕਿ ਸੁਖਪ੍ਰੀਤ ਨੂੰ ਰਾਮਪੁਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਵੱਲੋਂ ਉਸ ਨੂੰ 9 ਮਾਰਚ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ 2 ਸਾਲ ਪਹਿਲਾ ਬਠਿੰਡਾ ਦੇ ਰਾਮਪੁਰਾ ਫੂਲ ਵਿੱਚ ਗੋਗੀ ਜਟਾਣਾ ਨਾਂਅ ਦੇ ਇੱਕ ਨੌਜਵਾਨ ਦਾ ਕਤਲ ਹੋ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੇ ਸੋਸ਼ਲ ਮੀਡੀਆ 'ਤੇ ਲਈ ਸੀ।
ਬੁੱਢਾ ਗੈਂਗਸਟਰ ਪੰਜਾਬ ਵਿੱਚ ਚੋਰਾਂ ਦੇ ਧੰਦੇ ਵਿੱਚ ਸਰਗਰਮੀ ਨਾਲ ਸ਼ਾਮਲ ਸੀ ਅਤੇ ਵਿੱਕੀ ਗੌਂਡਰ ਦੀ ਮੌਤ ਤੋਂ ਬਾਅਦ ਸੂਬੇ ਦੇ ਸਭ ਤੋਂ ਡਰਾਉਣੇ ਮੁਜ਼ਰਮ ਵਜੋਂ ਬਦਨਾਮ ਹੋਇਆ ਸੀ। ਦੱਸਣਯੋਗ ਹੈ ਕਿ ਉਹ ਅਪ੍ਰੈਲ 2017 ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ 'ਤੇ ਹੋਏ ਹਮਲੇ ਦਾ ਮੁੱਖ ਸਾਜ਼ਿਸ਼ਕਾਰ ਸੀ।
ਪੰਜਾਬ ਪੁਲਿਸ ਨੇ ਬੁੱਢਾ ਨੂੰ 23 ਨਵੰਬਰ ਨੂੰ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਸੀ। ਗੈਂਗਸਟਰ ਨੂੰ ਅਰਮੇਨੀਆ ਤੋਂ ਭਾਰਤ ਭੇਜਿਆ ਗਿਆ ਸੀ।