ਬਠਿੰਡਾ: ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕੋਵਿਡ-19 ਹਸਪਤਾਲਾਂ 'ਚ ਬੀਤੇ ਕਈ ਦਿਨਾਂ ਤੋਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਸਨ। ਇਨ੍ਹਾਂ ਘਟਨਾਵਾਂ ਤੋਂ ਬਚਾਅ ਰੱਖਣ ਦੇ ਮੱਦੇਨਜ਼ਰ ਈਟੀਵੀ ਭਾਰਤ ਦੀ ਟੀਮ ਨੇ ਬਠਿੰਡਾ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਤਾਂ ਇੱਥੇ ਅੱਗ ਬੁਝਾਉਣ ਸਬੰਧੀ ਉਪਕਰਣਾਂ ਦੀ ਖਸਤਾ ਹਾਲਤ ਅਤੇ ਸੁਰੱਖਿਆ ਦੇ ਪ੍ਰਬੰਧ ਨਾ ਦੇ ਬਰਾਬਰ ਨਜ਼ਰ ਆਏ।
ਇਸ ਤੋਂ ਇਲਾਵਾ ਇਥੇ ਕੋਵਿਡ-19 ਦੇ ਮਰੀਜ਼ਾਂ ਲਈ ਆਈਸੋਲੇਸ਼ਨ ਵਾਰਡ ਵੀ ਬਣਾਇਆ ਗਿਆ ਹੈ। ਇੱਥੇ ਕਈ ਕੋਰੋਨਾ ਪੀੜਤ ਮਰੀਜ਼ ਜ਼ੇਰੇ ਇਲਾਜ ਦਾਖਲ ਹਨ। ਆਈਸੋਲੇਸ਼ਨ ਵਾਰਡ ਸਣੇ ਪੂਰੇ ਹਸਪਤਾਲ 'ਚ ਸੁਰੱਖਿਆ ਦੇ ਲਈ ਫਾਈਰ ਸੇਫਟੀ ਅਲਾਰਮ ਨਹੀਂ ਲਗਾਏ ਗਏ। ਇੱਥੇ ਦੇ ਸਿਹਤ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫਾਈਰ ਸੇਫਟੀ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਜੇਕਰ ਅਜਿਹੇ 'ਚ ਕੋਈ ਘਟਨਾ ਵਾਪਰਦੀ ਹੈ ਤਾਂ ਉਹ ਆਪਣਾ ਤੇ ਮਰੀਜ਼ਾਂ ਦਾ ਬਚਾਅ ਕਰਨ 'ਚ ਅਸਮਰਥ ਹਨ। ਇਲਾਜ ਲਈ ਆਏ ਲੋਕਾਂ ਮੁਤਾਬਕ ਹਸਪਤਾਲ 'ਚ ਪਾਣੀ ਦੀ ਕਮੀ ਰਹਿੰਦੀ ਹੈ,ਅਜਿਹੇ 'ਚ ਅੱਗ ਬੁਝਾਉਣ ਲਈ ਮਸ਼ੀਨਾਂ 'ਚ ਪਾਣੀ ਉਪਲਬਧ ਨਹੀਂ ਹੈ।
ਇਸ ਬਾਰੇ ਜਦ ਇਥੋਂ ਦੇ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ 'ਚ ਸੁਰੱਖਿਆ ਦੇ ਸਾਰੇ ਪ੍ਰਬੰਧ ਪੁਖ਼ਤਾ ਹਨ ਤੇ ਜੇਕਰ ਕਿਤੇ ਵੀ ਕੋਈ ਕਮੀ ਪੇਸ਼ੀ ਹੈ ਤਾਂ ਉਸ ਨੂੰ ਜਲਦ ਹੀ ਦੂਰ ਕਰ ਦਿੱਤਾ ਜਾਵੇਗਾ। ਫਾਈਰ ਸੇਫਟੀ ਸਬੰਧੀ ਸਿਹਤ ਕਰਮਚਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਤੇ ਜੋ ਲੋਕ ਬਚੇ ਹਨ ਜਲਦ ਹੀ ਉਨ੍ਹਾਂ ਨੂੰ ਵੀ ਇਸ ਬਾਰੇ ਪੂਰੀ ਜਾਣਕਾਰੀ ਤੇ ਮਸ਼ੀਨਾਂ ਦਾ ਟ੍ਰਾਈਲ ਸਿੱਖਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਹਿਮਦਾਬਾਦ ਤੇ ਕੇਰਲ ਵਿਖੇ ਕੋਵਿਡ-19 ਹਸਪਤਾਲਾਂ 'ਚ ਅੱਗ ਲੱਗਣ ਦੀ ਘਟਨਾ ਵਾਪਰੀ ਸੀ। ਇਨ੍ਹਾਂ ਦੋਹਾਂ ਘਟਨਾਵਾਂ 'ਚ ਕਈ ਲੋਕਾਂ ਦੀ ਜਾਨ ਚਲੀ ਗਈ ਸੀ।