ਬਠਿੰਡਾ: ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਮੁਤਾਬਕ ਦੇਰ ਰਾਤ ਸ਼ਹਿਰ 'ਚ ਮੀਂਹ ਪਿਆ। ਇਥੇ ਮੀਂਹ ਦੇ ਨਾਲ-ਨਾਲ ਗੜੇ ਪੈਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਨੂੰ ਲੈ ਕੇ ਕਿਸਾਨ ਹੁਣ ਬੇਹਦ ਚਿੰਤਤ ਹਨ।
ਦੱਸਣਯੋਗ ਹੈ ਕਿ ਮੌਸਮ ਵਿਭਾਗ ਨੇ ਪਹਿਲਾਂ ਹੀ 21 ਤੇ 22 ਫਰਵਰੀ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਸੀ। ਮੌਸਮ ਵਿਭਾਗ ਮੁਤਾਬਕ ਮੁੜ ਮੀਂਹ ਪੈਣ ਦੀ ਸਥਿਤੀ ਵੈਸਟਰਨ ਡਿਸਟਰਬੈਨਸ ਕਾਰਨ ਬਣੀ ਹੈ।
ਬਠਿੰਡਾ ਦੇ ਮੌਸਮ ਵਿਗਿਆਨੀ ਡਾ.ਰਾਜ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ 'ਚ 16.8 ਐੱਮਐੱਮ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਬੇਸ਼ਕ ਮੌਸਮ ਵਿਭਾਗ ਵਿਭਾਗ ਨੇ ਕਿਸਾਨਾਂ ਨੂੰ ਮੌਸਮ ਦੇ ਸਬੰਧ 'ਚ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਸੀ, ਪਰ ਅਚਾਨਕ ਦੇਰ ਰਾਤ ਮੀਂਹ ਪੈਣ ਨਾਲ ਸ਼ਹਿਰ ਵਿੱਚ ਮੁੜ ਠੰਡ ਵੱਧ ਗਈ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਉਣ ਵਾਲੇ 2 ਦਿਨਾਂ ਤੱਕ 24 ਘੰਟੇ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
ਹੋਰ ਪੜ੍ਹੋ :ਜੇਲ 'ਚ ਬੰਦ ਗੈਂਗਸਟਰਾਂ ਨੂੰ ਨਸ਼ਾ ਸਪਲਾਈ ਕਰਨ ਵਾਲਾ ਸਬ ਇੰਸਪੈਕਟਰ ਗ੍ਰਿਫ਼ਤਾਰ
ਵੀਰਵਾਰ ਦੇਰ ਰਾਤ ਤੋਂ ਅਚਾਨਕ ਮੌਸਮ 'ਚ ਆਏ ਬਦਲਾਅ ਕਾਰਨ ਭਾਰੀ ਮੀਂਹ ਪਿਆ ਤੇ ਕੁੱਝ ਹੀ ਸਮੇਂ ਵਿੱਚ ਗੜੇਮਾਰੀ ਸ਼ੁਰੂ ਹੋ ਗਈ। ਇਸ ਬਾਰੇ ਕਿਰਤੀ ਕਿਸਾਨ ਯੂਨੀਅਨ ਬਠਿੰਡਾ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਗੜੇ ਪੈਣ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਕਾਰਨ ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਇਸ ਦੀ ਗਿਰਦਵਾਰੀ ਕਰਵਾਵੇ ਅਤੇ ਕਿਸਾਨਾਂ ਨੂੰ ਪ੍ਰਤੀ ਏਕੜ 20 ਹਜ਼ਾਰ ਰੁਪਏ ਮੁਆਵਜ਼ਾ ਦਵੇ। ਉਨ੍ਹਾਂ ਆਖਿਆ ਕਿ ਜੇਕਰ ਅਗਲੇ 48 ਘੰਟਿਆਂ ਦੇ ਦੌਰਾਨ ਇੰਝ ਹੀ ਗੜੇਮਾਰੀ ਹੋਈ ਤਾਂ ਕਿਸਾਨਾਂ ਦੀ ਫਸਲ ਬਰਬਾਦ ਹੋਣ ਦਾ ਡਰ ਹੈ।
ਮੀਂਹ ਕਾਰਨ ਸ਼ਹਿਰ ਦੇ ਕਈ ਥਾਵਾਂ ਉੱਤੇ ਜਲ ਭਰਾਵ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਕਾਰਨ ਵਾਹਨ ਚਾਲਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਰਕਾਰ ਵੱਲੋਂ ਹਰ ਵਾਰ ਅਜਿਹੇ ਹਲਾਤਾਂ ਤੋਂ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕਰਨ ਦੀ ਗੱਲ ਕਹੀ ਜਾਂਦੀ ਹੈ, ਪਰ ਕੀਤੇ ਨਹੀਂ ਜਾਂਦੇ। ਇਸ ਕਾਰਨ ਕਿਸਾਨਾਂ ਤੇ ਲੋਕਾਂ 'ਚ ਕਾਫ਼ੀ ਰੋਸ ਹੈ।