ਬਠਿੰਡਾ: ਸੂਬੇ ਭਰ ਚ ਬਦਮਾਸ਼ਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਦਾ ਬਿਲਕੁੱਲ ਵੀ ਖੌਫ ਨਹੀਂ ਹੈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਭਰ ’ਚ ਲੁੱਟਾਖੋਹਾਂ ਅਤੇ ਕਤਲ ਦੇ ਮਾਮਲਿਆਂ ਚ ਵਾਧਾ ਹੋਇਆ ਹੈ। ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸਦੇ ਬਾਵਜੁਦ ਵੀ ਇਹ ਘਟਨਾ ਵਾਪਰ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਦੀ ਵਰਦੀ ਪਾ ਕੇ ਵਿਅਕਤੀਆਂ ਨੇ ਦੋ ਨੌਜਵਾਨਾਂ ਨੂੰ ਅਗਵਾ ਕਰ ਲਿਆ।
ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਬਠਿੰਡਾ ਦੇ ਹਨੂੰਮਾਨ ਚੌਕ ਨੇੜੇ ਇੱਕ ਹੋਟਲ ਚ ਠਹਿਰੇ ਹੋਏ ਸੀ ਕਿ ਉੱਥੇ ਕੁਝ ਵਿਅਕਤੀ ਪੁਲਿਸ ਦੀ ਵਰਦੀ ਪਾ ਸੀਆਈਏ ਸਟਾਫ ਦੇ ਅਧਿਕਾਰੀ ਬਣ ਕੇ ਦੋ ਨੌਜਵਾਨਾਂ ਨੂੰ ਆਪਣੇ ਨਾਲ ਲੈ ਗਏ। ਇਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਦੋਵੇਂ ਨੌਜਵਾਨਾਂ ਕੋਲੋਂ 42 ਲੱਖ ਰੁਪਏ ਦੀ ਲੁੱਟ ਕਰ ਉਨ੍ਹਾਂ ਦੋਹਾਂ ਨੂੰ ਬਠਿੰਡਾ ਸ੍ਰੀਗੰਗਾਨਗਰ-ਮੁਕਤਸਰ ਕੈਂਚੀਆਂ ’ਤੇ ਛੱਡ ਦਿੱਤਾ। ਵਿਅਕਤੀਆਂ ਵੱਲੋਂ ਨੌਜਵਾਨਾਂ ਨੂੰ ਆਪਣੇ ਨਾਲ ਲੈ ਜਾਣ ਦੀ ਸਾਰੀ ਘਟਨਾ ਹੋਟਲ ਚ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਜਿਨ੍ਹਾਂ ਨੌਜਵਾਨਾਂ ਨੂੰ ਉਕਤ ਵਿਅਕਤੀਆਂ ਵੱਲੋਂ ਅਗਵਾ ਕੀਤਾ ਗਿਆ ਸੀ ਉਨ੍ਹਾਂ ਦੇ ਇੱਕ ਦੋਸਤ ਨੇ ਵਿਦੇਸ਼ ਜਾਣਾ ਸੀ ਜਿਸ ਕਾਰਨ ਉਹ ਫਾਈਵ ਰਿਵਰ ਦੇ ਕਮਰਾ ਨੰਬਰ 204 ਵਿੱਚ ਠਹਿਰੇ ਸੀ। ਇਸ ਦੌਰਾਨ ਉਨ੍ਹਾਂ ਕੋਲ 42 ਲੱਖ ਰੁਪਏ ਵੀ ਸੀ। ਇਨ੍ਹਾਂ ਦੇ ਨਾਲ ਦੂਜੇ ਕਮਰੇ ਚ ਇੱਕ ਹੋਰ ਵਿਅਕਤੀ ਵੀ ਰੁਕਿਆ ਹੋਇਆ ਸੀ ਜੋ ਕਿ ਲੁਟੇਰਿਆ ਦੇ ਨਾਲ ਮਿਲਿਆ ਹੋਇਆ ਸੀ।
ਇਹ ਵੀ ਪੜੋ: ਨੌਜਵਾਨਾਂ ਨੇ ਇੱਕ ਘਰ ’ਤੇ ਕੀਤਾ ਕਾਤਲਾਨਾ ਹਮਲਾ , ਦੇਖੋ ਖੌਫਨਾਕ ਤਸਵੀਰਾਂ