ਬਠਿੰਡਾ: ਇਸ ਵਾਰ ਨਰਮੇ ਦੀ ਫ਼ਸਲ ਚੰਗੀ ਹੋਣ ਕਾਰਨ ਕਿਸਾਨ ਬੇਹੱਦ ਖੁਸ਼ ਸਨ ਪਰ ਜਦੋਂ ਉਹ ਨਰਮੇ ਦੀ ਫਸਲ ਵੇਚਣ ਲਈ ਅਨਾਜ ਮੰਡੀਆਂ ਵਿੱਚ ਪੁੱਜੇ ਤਾਂ ਇਥੇ ਕਿਸਾਨਾਂ ਨੂੰ ਉਨ੍ਹਾ ਦੀ ਫ਼ਸਲ ਦਾ ਬਣਦਾ ਮੁੱਲ ਨਹੀਂ ਮਿਲਿਆ ਜਿਸ ਕਾਰਨ ਕਿਸਾਨ ਪਰੇਸ਼ਾਨ ਹਨ। ਸ਼ਹਿਰ 'ਚ ਇਸ ਵਾਰ ਨਰਮੇ ਦੀ ਬੰਪਰ ਪੈਦਾਵਾਰ ਹੋਈ ਹੈ ਪਰ ਅਨਾਜ ਮੰਡੀ ਵਿੱਚ ਨਰਮਾ ਵੇਚਣ ਪਹੁੰਚੇ ਕਿਸਾਨਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਕੇ ਆਪਣੀ ਪਰੇਸ਼ਾਨੀ ਸਾਂਝੀ ਕੀਤੀ।
ਕਿਸਾਨਾਂ ਨੇ ਦੱਸਿਆ ਕਿ ਨਰਮੇ ਦੀ ਫਸਲ ਦਾ ਸਰਕਾਰੀ ਮੁੱਲ 5500 ਰੁਪਏ ਹੈ ਪਰ ਉਨ੍ਹਾਂ ਨੂੰ ਮਜ਼ਬੂਰਨ ਆਪਣੀ ਫ਼ਸਲ ਆੜ੍ਹਤੀਆਂ ਨੂੰ 5100 ਰੁਪਏ ਵਿੱਚ ਵੇਚਣੀ ਪੈ ਰਹੀ ਹੈ। ਕਿਉਂਕਿ ਬਠਿੰਡਾ ਦੀ ਅਨਾਜ ਮੰਡੀ ਵਿੱਚ ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ ਹੈ।
ਸੂਬਾ ਸਰਕਾਰ ਤੋਂ ਨਾਰਾਜ਼ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਉਮੀਦ ਸੀ ਕਿ ਇਸ ਵਾਰ ਉਨ੍ਹਾਂ ਨੂੰ ਨਰਮੇ ਦੀ ਫ਼ਸਲ ਦਾ ਚੰਗਾ ਮੁੱਲ ਮਿਲੇਗਾ। ਸੂਬਾ ਸਰਕਾਰ ਵੱਲੋਂ ਨਰਮੇ ਦੀ ਸਰਕਾਰੀ ਕੀਮਤ ਘੱਟ ਤੈਅ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸੂਬੇ ਵਿੱਚ ਪਾਣੀ ਦਾ ਪੱਧਰ ਘੱਟ ਰਿਹਾ ਹੈ, ਜੇ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਦਾ ਚੰਗਾ ਮੁੱਲ ਮਿਲਦਾ ਹੈ ਤਾਂ ਉਹ ਝੋਨੇ ਦੀ ਬਜਾਏ ਨਰਮੇ ਦੀ ਖੇਤੀ ਵਧੀਆ ਤਰੀਕੇ ਨਾਲ ਕਰ ਸਕਦੇ ਹਨ।