ਬਠਿੰਡਾ: ਪੰਜਾਬ ਵਿੱਚ ਹਾੜ੍ਹੀ ਦੀ ਫ਼ਸਲ ਦੀ ਖ਼ਰੀਦ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ, ਅੱਜ ਸ਼ੁੱਕਰਵਾਰ ਬਠਿੰਡਾ ਦੀ ਦਾਣਾ ਮੰਡੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਪਹੁੰਚੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਾਈਵੇਟ ਵਪਾਰੀਆਂ ਨੂੰ ਫ਼ਸਲ ਦੀ ਖ਼ਰੀਦ ਨਹੀਂ ਕਰਨ ਦੇ ਰਹੀ। ਜੇਕਰ ਪ੍ਰਾਈਵੇਟ ਵਪਾਰੀਆਂ ਵੱਲੋਂ ਫ਼ਸਲ ਦੀ ਖ਼ਰੀਦ ਕੀਤੀ ਜਾਂਦੀ ਹੈ ਤਾਂ ਕਿਸਾਨਾਂ ਨੂੰ ਪੰਜ ਛੇ ਸੌ ਰੁਪਏ ਦਾ ਫ਼ਾਇਦਾ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਰਡੀਐਫ ਖਤਮ ਕਰਨੀ ਚਾਹੀਦੀ ਹੈ ਜੋ ਕਿ ਕਿਸਾਨਾਂ ਉਪਰ ਵਾਧੂ ਦਾ ਬੋਝ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਕੋਈ ਫ਼ਾਇਦਾ ਨਹੀਂ ਦੇਣਾ ਚਾਹੁੰਦੀ। ਜੇਕਰ ਸਰਕਾਰ ਫਾਇਦਾ ਦੇਣਾ ਚਾਹੁੰਦੀ ਹੁੰਦੀ ਤਾਂ ਉਹ ਖੁੱਲ੍ਹੇ ਤੌਰ ਉੱਪਰ ਪ੍ਰਾਈਵੇਟ ਵਪਾਰੀਆਂ ਨੂੰ ਫ਼ਸਲ ਖ਼ਰੀਦ ਕਰਨ ਦੀ ਇਜਾਜ਼ਤ ਦੇਵੇ ਤਾਂ ਜੋ ਕਿਸਾਨਾਂ ਨੂੰ ਵੱਡਾ ਲਾਭ ਹੋ ਸਕੇ।
ਕਿਸਾਨਾਂ ਦਾ ਕੀ ਹੈ ਕਹਿਣਾ: ਐਫਸੀਆਈ ਵੱਲੋਂ ਹਾੜ੍ਹੀ ਦੀ ਫ਼ਸਲ ਦੀ ਖ਼ਰੀਦ ਕਰਨ ਤੋਂ ਕੀਤੀ ਗਈ ਨਾਂਹ ਤੋਂ ਬਾਅਦ ਹੁਣ ਦਾਣਾ ਮੰਡੀਆਂ ਵਿੱਚ ਸਪਲਾਈ ਪ੍ਰਾਈਵੇਟ ਪਲੇਅਰਸ ਨੇ ਕਦਮ ਰੱਖਿਆ ਹੈ ਅਤੇ ਐੱਮਐੱਸਪੀ ਤੋਂ ਕਰੀਬ ਪੰਜ ਰੁਪਏ ਪ੍ਰਤੀ ਕੁਇੰਟਲ ਵਾਧੇ ਨਾਲ ਖਰੀਦ ਕੀਤੀ ਜਾ ਰਹੀ ਹੈ, ਬਠਿੰਡਾ ਦੀ ਦਾਣਾ ਮੰਡੀ ਵਿੱਚ ਫ਼ਸਲ ਲੈ ਕੇ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਪ੍ਰਾਈਵੇਟ ਪਲੇਅਰਸ ਨੂੰ ਆਪਣੀ ਫ਼ਸਲ ਵੇਚ ਗਏ ਹਨ ਪ੍ਰਾਈਵੇਟ ਪਲੇਅਰਜ਼ ਵੱਲੋਂ ਜਿੱਥੇ ਉਨ੍ਹਾਂ ਦੀ ਕਣਕ ਪ੍ਰਤੀ ਕੁਇੰਟਲ ਪੰਜ ਰੁਪਏ ਵਾਧੇ ਨਾਲ ਖਰੀਦ ਕੀਤੀ ਜਾ ਰਹੀ ਹੈ, ਉਥੇ ਹੀ ਉਨ੍ਹਾਂ ਨੂੰ ਨਾਲ ਦੀ ਨਾਲ ਮੰਡੀ ਵਿੱਚੋਂ ਰੁਖਸਤ ਕੀਤਾ ਜਾ ਰਿਹਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਾਈਵੇਟ ਪਲੇਅਰਜ਼ ਇਸੇ ਤਰ੍ਹਾਂ ਖਰੀਦ ਕਰਦੇ ਰਹਿਣ ਤਾਂ ਉਨ੍ਹਾਂ ਨੂੰ ਆਪਣੀ ਫਸਲ ਵੇਚਣ ਵਿਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਵੇਗੀ। ਕਿਸਾਨਾਂ ਦਾ ਗਿਲਾ ਹੈ ਕਿ ਸਰਕਾਰ ਵੱਲੋਂ ਭਾਵੇਂ ਖਰੀਦ ਪ੍ਰਬੰਧਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ ਪਰ ਕਈ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਦਾਣਾ ਮੰਡੀ ਵਿਚ ਕਦਮ ਵੀ ਨਹੀਂ ਰੱਖਿਆ ਗਿਆ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਪ੍ਰਾਈਵੇਟ ਪਲੇਅਰਜ਼ ਨੂੰ ਆਪਣੀ ਫ਼ਸਲ ਵੇਚਣੀ ਪਈ ਹੈ।
ਉਹਨਾਂ ਦਾ ਕਹਿਣਾ ਹੈ ਕਿ ਦੂਸਰਾ ਵੱਡਾ ਕਾਰਨ ਇਸ ਵਾਰ ਗਰਮੀ ਜ਼ਿਆਦਾ ਪੈਣ ਕਾਰਨ ਕਣਕ ਦਾ ਝਾੜ ਘਟਿਆ ਹੈ ਅਤੇ ਪ੍ਰਤੀ ਏਕੜ ਦੱਸ ਤੋਂ ਪੰਦਰਾਂ ਮਣ ਝਾੜ ਘੱਟ ਹੋਇਆ ਹੈ ਅਤੇ ਦਾਣਾ ਬਰੀਕ ਹੋਣ ਕਾਰਨ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਫ਼ਸਲਾਂ ਖ਼ਰੀਦਣ ਤੋਂ ਆਨਾਕਾਨੀ ਕੀਤੀ ਜਾ ਰਹੀ ਸੀ।
ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦਾ ਕਹਿਣਾ: ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਬਠਿੰਡਾ ਦੀ ਅਨਾਜ ਮੰਡੀ ਵਿੱਚ ਕਰੀਬ ਅਠਾਰਾਂ ਹਜ਼ਾਰ ਮੀਟਰਿਕ ਟਨ ਫਸਲ ਆ ਚੁੱਕੀ ਹੈ ਜਿਸ ਵਿੱਚੋਂ ਕਰੀਬ ਪੰਦਰਾਂ ਹਜ਼ਾਰ ਮੀਟਰਿਕ ਟਨ ਦੀ ਖਰੀਦ ਹੋਈ ਹੈ ਅਤੇ ਇਸ ਵਿੱਚੋਂ ਦੱਸ ਪ੍ਰਤੀਸ਼ਤ ਪ੍ਰਾਈਵੇਟ ਪਲੇਅਰ ਵੱਲੋਂ ਫ਼ਸਲ ਖ਼ਰੀਦੀ ਗਈ ਹੈ।
ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਮੰਡੀ ਵਿੱਚੋਂ ਫ਼ਸਲ ਖ਼ਰੀਦ ਸਕਦਾ ਹੈ ਪਰ ਉਸ ਨੂੰ ਮਾਰਕੀਟ ਕਮੇਟੀ ਦੀਆਂ ਸ਼ਰਤਾਂ ਅਨੁਸਾਰ ਲਾਇਸੈਂਸ ਲੈਣਾ ਹੋਵੇਗਾ ਅਤੇ ਮਾਰਕੀਟ ਫੀਸ ਭਰਨੀ ਹੋਵੇਗੀ ਜੇਕਰ ਕੋਈ ਪ੍ਰਾਈਵੇਟ ਪਲੇਅਰਸ ਫਸਲ ਦੀ ਖਰੀਦ ਕਰਨੀ ਵੀ ਚਾਹੁੰਦਾ ਹੈ ਤਾਂ ਉਸ ਨੂੰ ਪੰਜ ਪ੍ਰਤੀਸ਼ਤ ਐਮਐਸਪੀ ਤੋਂ ਵੱਧ ਖਰੀਦ ਕਰਨੀ ਪਵੇਗੀ।
ਇਹ ਵੀ ਪੜ੍ਹੋ:ਗੁਰਜੋਤ ਸਿੰਘ ਦੇ ਪਰਿਵਾਰ ਨੇ ਉਸਦੇ ਦੇ ਚਾਰ ਅੰਗ ਦਾਨ ਕਰ ਤਿੰਨ ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ