ਬਠਿੰਡਾ: ਖੇਤੀ ਬਿੱਲਾਂ ਦੇ ਵਿਰੋਧ ਵਿੱਚ ਜਿੱਥੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਅਗਵਾਈ ਵਿੱਚ ਪੂਰੇ ਦੇਸ਼ ਦੇ ਕਿਸਾਨ ਭਾਜਪਾ ਸਰਕਾਰ ਦਾ ਵਿਰੋਧ ਕਰ ਰਹੇ ਹਨ। ਉੱਥੇ ਹੀ ਪੰਜਾਬ ਵਿੱਚ 14 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾ ਵਿੱਚ ਖੜ੍ਹੇ ਹੋਏ ਭਾਜਪਾ ਉਮੀਦਵਾਰਾਂ ਦਾ ਵੀ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾ ਰਿਹਾ ਹੈ।
ਅੱਜ ਬਠਿੰਡਾ ਦੇ ਵਾਰਡ ਨੰਬਰ 3 ਵਿੱਚ ਜਦੋਂ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਭਾਜਪਾ ਆਗੂ ਵੋਟਾਂ ਮੰਗਣ ਗਏ ਤਾਂ ਵੱਡੇ ਪੱਧਰ 'ਤੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਤੇ ਕਿਸਾਨ ਮਜ਼ਦੂਰ ਏਕਤਾ ਦੇ ਨਾਹਰੇ ਲਗਾਉਂਦੇ ਹੋਏ ਪੂਰੇ ਹਜ਼ੂਰਾ ਕਪੂਰਾ ਇਲਾਕੇ ਨੇ ਏਕਤਾ ਦਿਖਾਈ।
ਭਾਜਪਾ ਨੂੰ ਕਿਸਾਨ ਵਿਰੋਧੀ ਪਾਰਟੀ ਦੱਸਦਿਆਂ ਲੋਕਾਂ ਨੇ ਭਾਜਪਾ ਮੁਰਦਾਬਾਦ ਦੇ ਨਾਹਰੇ ਲਗਾ ਕੇ ਭਾਜਪਾ ਵਰਕਰਾਂ ਨੂੰ ਵਾਪਿਸ ਮੋੜ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਉਹ ਕਾਂਗਰਸੀ ਅਕਾਲੀ ਜਾਂ ਆਮ ਆਦਮੀ ਪਾਰਟੀ ਦੇ ਸਮਰਥਕ ਹੋਣ ਪਰ ਕਿਸਾਨ ਮੁੱਦੇ ਉੱਪਰ ਸਭ ਇੱਕ ਹਨ ਅਤੇ ਸਭ ਰਲ ਮਿਲ ਕੇ ਭਾਜਪਾ ਦਾ ਵਿਰੋਧ ਕਰ ਰਹੇ ਹਨ।