ਬਠਿੰਡਾ : ਈਟੀਵੀ ਭਾਰਤ ਵੱਲੋਂ ਚਲਾਈ ਗਈ ਮੁਹਿੰਮ " ਰਿਫ਼ਲੈਕਟਰ ਲਗਾਓ,ਦੁਰਘਟਨਾਂ ਤੋਂ ਬਚਾਓ " ਦਾ ਹਿੱਸਾ ਬਣਦੇ ਹੋਏ ਬਠਿੰਡਾ ਬਾਰ ਐਸੋਸੀਏਸ਼ਨ ਨੇ ਇਸ ਮੁਹਿੰਮ ਦੇ ਨਾਲ ਜੁੜ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਸਹੂੰ ਚੁੱਕੀ।
ਬਠਿੰਡਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕਮਲਜੀਤ ਸਿੰਘ ਕੁੱਟੀ ਵੱਲੋਂ ਆਪਣੀ ਟੀਮ ਨਾਲ ਸ਼ਹਿਰ 'ਚ 100 ਤੋਂ ਵੱਧ ਵਾਹਨਾਂ 'ਤੇ ਰਿਫ਼ਲੈਕਟਰ ਲਗਾਏ ਗਏ। ਇਸ ਬਾਰੇ ਗੱਲ ਕਰਦੇ ਹੋਏ ਕਮਲਜੀਤ ਸਿੰਘ ਨੇ ਕਿਹਾ ਕਿ ਸੜਕ ਹਾਦਸਿਆਂ ਤੋਂ ਬਚਾਅ ਲਈ ਸ਼ੁਰੂ ਕੀਤੀ ਗਈ ਇਹ ਮੁਹਿੰਮ ਸ਼ਲਾਘਾਯੋਗ ਹੈ। ਉਨ੍ਹਾਂ ਆਖਿਆ ਕਿ ਇਸ ਨਾਲ ਧੁੰਦ ਕਾਰਨ ਵਾਪਰਨ ਵਾਲੇ ਹਾਦਸਿਆਂ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਠੰਡ ਦੇ ਮੌਸਮ 'ਚ ਧੁੰਦ ਕਾਰਨ ਵਾਪਰਨ ਵਾਲੇ ਸੜਕ ਹਾਦਸਿਆਂ 'ਚ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਇਸ ਮੁਹਿੰਮ ਦਾ ਹਿੱਸਾ ਬਨਣਾ ਚਾਹੀਦਾ ਹੈ ਤਾਂ ਜੋ ਸੜਕ ਹਾਦਸਿਆਂ ਤੇ ਜਾਨ-ਮਾਲ ਦੇ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ। ਇਹ ਮਾਨਵਤਾ ਦੀ ਸੇਵਾ ਲਈ ਵੱਡਾ ਉਪਰਾਲਾ ਹੈ।
ਹੋਰ ਪੜ੍ਹੋ :ਕੜਾਕੇ ਦੀ ਠੰਡ ਦੇ ਬਾਵਜੂਦ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ 'ਤੇ ਡੱਟੇ ਬੇਰੁਜ਼ਗਾਰ ਅਧਿਆਪਕ
ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਬਾਰ ਐਸੋਸੀਏਸ਼ਨ ਬਠਿੰਡਾ ਦੇ ਉਪ-ਪ੍ਰਧਾਨ ਸੁਸ਼ਾਂਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣ ਕੇ ਮਾਨਵਤਾ ਦੀ ਸੇਵਾ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸਾਡੀ ਟੀਮ ਇਸ ਮੁਹਿੰਮ ਤਹਿਤ ਕਈ ਵਾਹਨ ਚਾਲਕਾਂ ਨੂੰ ਗੱਡੀਆਂ ਉੱਤੇ ਰਿਫ਼ਲੈਕਟਰ ਲਗਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ,ਤਾਂ ਜੋ ਧੁੰਦ ਦੇ ਕਾਰਨ ਵਾਪਰਨ ਵਾਲੇ ਸੜਕ ਹਾਦਸਿਆਂ ਨੂੰ ਘਟਾਇਆ ਜਾ ਸਕੇ।
ਇਸ ਮੁਹਿੰਮ 'ਚ ਅਹਿਮ ਭੂਮਿਕਾ ਅਦਾ ਕਰਦੇ ਹੋਏ ਸਮਾਜ ਸੇਵੀ ਕਾਕਾ ਸਿੰਘ ਮਾਰਸ਼ਲ ਵੱਲੋਂ ਤਕਰੀਬਨ ਪੰਜ ਸੌ ਰਿਫਲੈਕਟਰ ਪ੍ਰਿੰਟ ਕਰਵਾਏ ਗਏ ਤੇ ਵਾਹਨਾਂ 'ਤੇ ਰਿਫਲੈਕਟਰ ਲਗਾਉਣ 'ਚ ਮਦਦ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਈਟੀਵੀ ਭਾਰਤ ਦੀ ਇਸ ਮੁਹਿੰਮ ਦਾ ਹਿੱਸਾ ਬਣ ਕੇ ਬੇਹਦ ਖੁਸ਼ ਹਨ।