ਬਠਿੰਡਾ: ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਸਮੁੱਚੇ ਦੇਸ਼ਾਂ 'ਚ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਮੌਕੇ 'ਤੇ ਸਥਾਨਕ ਐੱਨ.ਜੀ.ਓ., ਸਕੂਲੀ ਵਿਦਿਆਰਥੀਆਂ, ਸਰਕਾਰੀ ਡਾਕਟਰ ਤੇ ਸਮਾਜ ਸੇਵੀ ਸੰਗਠਨਾਂ ਨੇ ਮਿਲ ਕੇ ਨਸ਼ਾ ਵਿਰੋਧੀ ਦਿਵਸ ਮਨਾਇਆ। ਇਸ ਮੌਕੇ ਉਨ੍ਹਾਂ ਵੱਲੋਂ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਨੂੰ ਨਸ਼ੇ ਦੇ ਪ੍ਰਤਿ ਜਾਗਰੂਕ ਕਰਨ ਲਈ ਰੈਲੀ ਕੱਢੀ ਗਈ।
ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਨੀ ਦੀ ਅਗਵਾਈ 'ਚ ਨਿਕਲੀ ਰੈਲੀ 'ਚ ਉਨ੍ਹਾਂ ਕਿਹਾ ਕਿ ਅੱਜ ਦਾ ਨੌਜਵਾਨ ਨਸ਼ੇ ਦੀ ਦਲਦਲ 'ਚ ਧੱਸਦਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਚਾਰ ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦੀ ਗੱਲ ਉਨ੍ਹਾਂ ਵੱਲੋਂ ਮੁੜ ਚੇਤੇ ਕਰਵਾਈ ਗਈ। ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਜ਼ਰੂਰਤ ਹੈ ਕਿ ਉਹ ਸਿਆਸਤ ਤੋਂ ਉੱਪਰ ਉੱਠ ਕੇ ਮੁੜ ਤੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਉਪਰਾਲਾ ਕਰਨ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਬਚਾਇਆ ਜਾ ਸਕੇ।