ਅੰਮ੍ਰਿਤਸਰ :ਨਵਪ੍ਰੀਤ ਕੌਰ ਨਾਂਅ ਦੀ ਇੱਕ ਕੁੜੀ ਫਿਰੋਜ਼ਪੁਰ ਤੋਂ ਆਪਣੀ ਮਾਂ ਨੂੰ ਲੱਭਣ ਲਈ ਅੰਮ੍ਰਿਤਸਰ ਪੁੱਜੀ। ਜਦੋਂ ਉਹ 5 ਸਾਲ ਦੀ ਸੀ ਤਾਂ ਉਸ ਦੇ ਮਾਪਿਆਂ ਦਾ ਤਲਾਕ ਹੋ ਗਿਆ ਸੀ, ਜਿਸ ਕਾਰਨ ਉਹ ਆਪਣੀ ਮਾਂ ਕੋਲੋਂ ਵਿਛੜ ਗਈ ਸੀ। ਅੰਮ੍ਰਿਤਸਰ ਪੁਲਿਸ ਦੀ ਮਦਦ ਨਾਲ 17 ਸਾਲਾਂ ਬਾਅਦ ਮਾਵਾਂ-ਧੀਆਂ ਮਿਲੀਆਂ।
ਨਵਪ੍ਰੀਤ ਦੇ ਮੁਤਾਬਕ, ਜਦੋਂ ਉਹ ਮਹਿਜ਼ 5 ਸਾਲਾਂ ਦੀ ਸੀ ਤਾਂ ਉਸ ਦੇ ਮਾਤਾ ਪਿਤਾ ਦਾ ਤਲਾਕ ਹੋ ਗਿਆ ਸੀ।ਅਮਰਜੀਤ ਕੌਰ ਦਾ ਫਿਰੋਜ਼ਪੁਰ ਦੇ ਰਹਿਣ ਵਾਲੇ ਬਲਬੀਰ ਸਿੰਘ ਨਾਲੋਂ ਤਲਾਕ ਹੋ ਚੁੱਕਾ ਸੀ ਤੇ ਬੱਚਿਆਂ ਦੀ ਕਸਟਡੀ ਬਲਬੀਰ ਕੋਲ ਸੀ। ਨਵਪ੍ਰੀਤ ਕੌਰ ਨੂੰ 5 ਸਾਲ ਦੀ ਉਮਰ ‘ਚ ਉਸ ਦੀ ਮਾਂ ਅਮਰਜੀਤ ਕੌਰ ਛੱਡ ਕੇ ਚਲੀ ਗਈ ਸੀ। ਜਦੋਂ ਉਹ ਵੱਡੀ ਹੋਈ ਤਾਂ ਉਸ ਨੂੰ ਮਾਂ ਦੀ ਕਮੀ ਮਹਿਸੂਸ ਹੋਣ ਲੱਗੀ ਅਤੇ ਜਦੋਂ ਉਸ ਨੇ ਆਪਣੇ ਪਿਤਾ ਨੂੰ ਮਾਂ ਬਾਰੇ ਪੁੱਛਿਆ, ਤਾਂ ਉਸ ਨੇ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਬੱਸ ਇੰਨਾ ਹੀ ਦੱਸਿਆ ਕਿ ਉਹ ਅੰਮ੍ਰਿਤਸਰ ਵਿੱਚ ਰਹਿੰਦੀ ਹੈ।ਇਸ ਦੇ ਚਲਦੇ ਉਹ ਆਪਣੀ ਮਾਂ ਨੂੰ ਲੱਭਣ ਅਮ੍ਰਿਤਸਰ ਆ ਗਈ ਤੇ ਉਹ ਪੁਲਿਸ ਦੀ ਮਦਦ ਨਾਲ ਆਪਣੀ ਮਾਂ ਨੂੰ ਮਿਲ ਸਕੀ ਹੈ।
ਅਮਰਜੀਤ ਕੌਰ ਨੇ ਕਿਹਾ ਉਸ ਨੇ ਸੁਹਰੇ ਘਰ ਛੱਡਣ ਤੋਂ ਬਾਅਦ ਕਦੇ ਫੋਨ ਉੱਤੇ ਵੀ ਗੱਲ ਨਹੀਂ ਹੋਈ। ਉਸ ਨੇ ਕਿਹਾ ਕਿ ਉਸ ਨੂੰ ਬਿਲਕੁਲ ਵੀ ਉਮੀਂਦ ਨਹੀਂ ਸੀ ਕਿ ਬੱਚੇ ਉਸ ਨੂੰ ਮਿਲਣ ਆਉਣਗੇ। ਅਮਰਜੀਤ ਕੌਰ ਨੇ ਕਿਹਾ ਕਿ ਉਸ ਨੂੰ ਆਪਣੀ ਧੀ ਉੱਤੇ ਮਾਣ ਹੈ ਕਿ ਉਸ ਦੀ ਧੀ ਪੂਰੀ ਸੋਚ ਸਮਝ ਨਾਲ ਉਸ ਕੋਲ ਮਿਲਣ ਆਈ ਹੈ। ਉਹ ਬੇਹਦ ਖੁਸ਼ ਹੈ।
ਮਹਿਲਾ ਪੁਲਿਸ ਅਧਿਕਾਰੀ ਮੁਤਾਬਕ ਨਵਪ੍ਰੀਤ ਕੌਰ ਉਨ੍ਹਾਂ ਕੋਲ ਆਈ ਅਤੇ ਸਾਰਾ ਕੁਝ ਦੱਸਿਆ,ਪਰ ਉਸ ਕੋਲ ਆਪਣੀ ਮਾਂ ਦਾ ਪਤਾ, ਫੋਨ ਨੰਬਰ ਨਹੀਂ ਸੀ। ਫਿਰ ਵੀ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ। ਅਖਿਰਕਾਰ ਪੁਲਿਸ ਪ੍ਰਸ਼ਾਸਨ ਮਾਂ ਤੇ ਧੀ ਨੂੰ ਮਿਲਵਾਉਣ ਵਿੱਚ ਕਾਮਯਾਬ ਹੋ ਗਏ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਮਾਵਾਂ-ਧੀਆਂ ਨੂੰ ਮਿਲਵਾ ਕੇ ਬੇਹਦ ਖੁਸ਼ ਹਨ, ਉਥੇ ਹੀ ਦੂਜੇ ਪਾਸੇ ਦੋਹਾਂ ਮਾਂ-ਧੀ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਸਹਿਯੋਗ ਕਰਨ ਤੇ ਮਿਲਵਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ।