ਅੰਮ੍ਰਿਤਸਰ : ਸ਼ਹਿਰ ਦੇ ਪਿੰਡ ਜੱਲੂਪੁਰ ਖੈੜਾ ਨੇੜੇ ਨਹਿਰ ਕੱਢੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਣ ਦਾ ਮਾਮਾਲ ਸਾਹਮਣੇ ਆਇਆ ਹੈ। ਇਸ ਮਗਰੋਂ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਦਿਹਾਤੀ ਪੁਲਿਸ ਅਧੀਨ ਪੈਂਦੇ ਥਾਣਾ ਖਿਲਚੀਆਂ ਦੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਖਿਲਚੀਆਂ ਦੇ ਐਸਐਓ ਅਜੇਪਾਲ ਸਿੰਘ ਨੇ ਦੱਸਿਆ ਕਿ ਪਿੰਡ ਜੱਲੂਪੁਰ ਖੈੜਾ ਨੇੜੇ ਨਹਿਰ ਕੱਢੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਦਰਖ਼ਤ ਨਾਲ ਲਟਕਦੀ ਹੋਈ ਮਿਲੀ। ਸੂਚਨਾ ਮਿਲਦੇ ਹੀ ਉਨ੍ਹਾਂ ਦੀ ਪੁਲਿਸ ਟੀਮ ਨੇ ਮੌਕੇ 'ਤੇ ਪੁੱਝ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਥਾਣਾ ਖਿਲਚੀਆਂ ਪੁਲਿਸ ਵਲੋਂ ਮੁੱਢਲੀ ਕਾਰਵਾਈ ਕਰਦਿਆਂ ਲਾਸ਼ ਨੂੰ ਸ਼ਨਾਖਤ ਲਈ 72 ਘੰਟੇ ਤੱਕ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਮੋਰਚਰੀ 'ਚ ਰੱਖਿਆ ਗਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਕੋਈ ਪਰਵਾਸੀ ਮਜਦੂਰ ਲਗਦਾ ਹੈ। ਪੁਲਿਸ ਵੱਲੋਂ ਨੇੜਲੇ ਇਲਾਕਿਆਂ 'ਚ ਪੁੱਛਗਿੱਛ ਜਾਰੀ ਹੈ, ਫਿਲਹਾਲ ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਵੱਲੋਂ ਕਿਸੇ ਤਰ੍ਹਾਂ ਦਾ ਸੁਸਾਈਡ ਨੋਟ ਜਾਂ ਹੋਰ ਕੋਈ ਪਛਾਣ ਪੱਤਰ ਨਹੀਂ ਮਿਲ ਸਕਿਆ ਹੈ। ਇਹ ਮਾਮਲਾ ਖ਼ੁਦਕੁਸ਼ੀ ਜਾਂ ਕਤਲ ਦਾ ਹੈ, ਪੁਲਿਸ ਵੱਲੋਂ ਇਸ ਸਬੰਧੀ ਜਾਂਚ ਜਾਰੀ ਹੈ।