ਅੰਮ੍ਰਿਤਸਰ:ਪੰਜਾਬ ਭਰ ਦੇ ਡੀ.ਸੀ. ਤਹਿਸੀਲ ਅਤੇ ਐੱਸ.ਡੀ.ਐਮ ਦਫ਼ਤਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਅੱਜ ਡਿਪਟੀ ਕਮਿਸ਼ਨਰ (Commissioner) ਕਰਮਚਾਰੀ ਯੂਨੀਅਨ ਦੇ ਸੱਦੇ ਅਨੁਸਾਰ ਅੱਜ ਸਥਾਨਿਕ ਉਪ ਮੰਡਲ ਮੈਜਿਸਟ੍ਰੇਟ ਅਤੇ ਤਹਿਸੀਲ ਦਫ਼ਤਰ ਅਜਨਾਲਾ ਦੇ ਸਮੂਹ ਕਰਮਚਾਰੀਆਂ ਵੱਲੋਂ ਕਲਮਛੋੜ ਹੜਤਾਲ ਕਰਕੇ ਸਮੁੱਚਾ ਕੰਮਕਾਜ ਠੱਪ ਰੱਖਿਆ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਯੂਨੀਅਨ ਤਹਿਸੀਲ ਅਜਨਾਲਾ (Ajnala) ਦੇ ਪ੍ਰਧਾਨ ਪਰਗਟ ਸਿੰਘ ਅਤੇ ਜਨਰਲ ਸਕੱਤਰ ਗੁਰਸ਼ਰਨ ਸਿੰਘ ਰਿਆੜ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਕਈ ਦਿਨ ਹੜਤਾਲਾਂ ਤੇ ਰੋਸ ਪ੍ਰਦਰਸ਼ਨ ਕਰਨ ਸਮੇਂ ਪੰਜਾਬ ਸਰਕਾਰ ਵੱਲੋਂ ਸਾਡੀਆਂ ਮੰਗਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਹੁਣ ਸਰਕਾਰ ਵੱਲੋਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਜਿਸ ਕਾਰਨ ਉਕਤ ਦਫ਼ਤਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ 8 ਸਤੰਬਰ ਨੂੰ ਯੂਨੀਅਨ ਦੇ ਸੂਬਾਈ ਕਰਮਚਾਰੀਆਂ ਦੀ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਪੰਜਾਬ ਸਰਕਾਰ ਨਾਲ ਹੋਈਆਂ ਪਿਛਲੀਆਂ ਮੀਟਿੰਗਾਂ ਵਿਚ ਬਣੀਆਂ ਸਹਿਮਤੀਆਂ ਅਤੇ ਲਏ ਗਏ ਫ਼ੈਸਲਿਆਂ ਤੇ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ ਅਤੇ ਇਹ ਮੀਟਿੰਗ ਕਿਸੇ ਵੀ ਪੱਖ ਤੋਂ ਸੰਤੁਸ਼ਟੀਜਨਕ ਨਹੀਂ ਰਹੀ ਸੀ ਜਿਸ ਦੇ ਰੋਸ ਵਜੋਂ ਪੰਜਾਬ ਭਰ ਦੇ ਡੀ.ਸੀ, ਉਪ ਮੰਡਲ ਮੈਜਿਸਟ੍ਰੇਟ ਅਤੇ ਤਹਿਸੀਲ ਦਫ਼ਤਰਾਂ ਦੇ ਕਰਮਚਾਰੀ ਪਟਵਾਰੀਆਂ ਦੇ ਕੰਮ ਵਿਚ ਸ਼ਾਮਿਲ ਗਿਰਦਾਵਰੀਆਂ ਦਰਜ਼ ਕਰਨ ਦੇ ਕੰਮ ਨੂੰ ਬਿਲਕੁਲ ਨਹੀਂ ਕਰਨਗੇ ਅਤੇ ਚੋਣਾਂ ਵਿਚ ਕੀਤੇ ਕੰਮ ਦੀ ਮਾਣਭੇਟਾ ਦੇਣੀ ਬੰਦ ਕਰ ਦੇਣ ਬਾਅਦ ਆਉਂਦੀਆਂ ਵਿਧਾਨ ਸਭਾ ਦੀਆਂ ਚੋਣ ਨਾ ਜੁੜੇ ਕੰਮ ਦਾ ਵੀ ਬਾਈਕਾਟ ਕਰਨਗੇ।
ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਤੁਰੰਤ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸੁਪਰਡੈਂਟ ਸਰਬਜੀਤ ਕੌਰ, ਹਰਜਿੰਦਰ ਸਿੰਘ ਭਲਾ ਪਿੰਡ, ਨਰਿੰਦਰ ਕੌਰ, ਰਾਕੇਸ਼ ਕੁਮਾਰ ਅਤੇ ਸੰਜੀਵ ਕੁਮਾਰ ਆਦਿ ਹਾਜ਼ਰ ਸਨ।
ਇਹ ਵੀ ਪੜੋ:ਨਸ਼ਾ ਵੇਚਣ ਦਾ ਵਿਰੋਧ ਕਰਨ 'ਤੇ ਕੀਤਾ ਨੌਜਵਾਨ ਦਾ ਕਤਲ, 1ਗੰਭੀਰ ਜ਼ਖਮੀ