ਅੰਮ੍ਰਿਤਸਰ: ਵੱਖਵਾਦੀ ਸੰਗਠਨ ਸਿੱਖਸ ਫਾਰ ਜਸਟਿਸ (ਐਸਐਫਜੇ) ਲਗਾਤਾਰ ਪੰਜਾਬ ਦੇ ਅੰਦਰ ਫਿਰਕੂ ਮਹੌਲ ਨੂੰ ਸਿਰਜਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਸ ਕੜੀ ਤਹਿਤ ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਮੁੜ ਪੰਜਾਬ ਬੰਦ ਦਾ ਸੱਦਾ ਦੇ ਕੇ ਇਸੇ ਤਰ੍ਹਾਂ ਦੀ ਕੋਸ਼ਿਸ਼ ਕੀਤੀ ਹੈ। ਪੰਨੂੰ ਵੱਲੋਂ 31 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸੇ ਤਹਿਤ ਅੰਮ੍ਰਿਤਸਰ ਪੁਲਿਸ ਵੱਲੋਂ ਸ਼ਹਿਰ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਬੰਦ ਦਾ ਅਸਰ ਸ਼ਹਿਰ ਦੇ ਵਿੱਚ ਨਾ ਮਾਤਰ ਹੀ ਵੇਖਣ ਨੂੰ ਮਿਲਿਆ। ਕੁਝ ਦੁਕਾਨਾਂ ਜ਼ਰੂਰ ਬੰਦ ਸਨ ਪਰ ਆਵਾਜਾਈ ਆਮ ਵਾਂਗ ਹੀ ਜਾਰੀ ਸੀ।
ਸੁਰੱਖਿਆ ਪ੍ਰਬੰਧਾਂ ਬਾਰੇ ਗੱਲ ਕਰਦੇ ਹੋਏ ਏਸੀਪੀ ਸੋਮਨਾਥ ਨੇ ਦੱਸਿਆ ਕਿ ਬੰਦ ਦੇ ਇਸ ਸੱਦੇ ਦੇ ਮੱਦੇਨਜ਼ਰ ਅੰਮ੍ਰਿਤਸਰ ਪੁਲਿਸ ਵੱਲੋਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਸ਼ਹਿਰ ਅੰਦਰ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ 'ਤੇ ਪੁਲਿਸ ਵੱਲੋਂ ਕਰੜੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਬਲ ਪੂਰੀ ਮੁਸਤੈਦੀ ਵਰਤ ਰਿਹਾ ਹੈ।
ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆਰੇ ਦਿਲਾਵਰ ਸਿੰਘ ਦੀ 25ਵੀਂ ਬਰਸੀ ਮਨਾਉਣ ਲਈ ਐਸਐਫਜੇ ਨੇ 31 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਹਾਈ ਅਲਰਟ ਜਾਰੀ ਕਰਕੇ ਪੰਜਾਬ ਪੁਲਿਸ ਨੂੰ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।