ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪਾਂ ਦਾ ਕਿਸੇ ਹਿਸਾਬ ਕਿਤਾਬ ਵਿੱਚ ਨਾ ਆਉਣਾ ਦਾ ਮਾਮਲਾ ਸਿੱਖ ਸਿਆਸਤ ਵਿੱਚ ਇੱਕ ਗੰਭੀਰ ਮੁੱਦਾ ਬਣ ਚੁੱਕਿਆ ਹੈ। ਇਸ ਮੁੱਦੇ ਬਾਰੇ ਈਟੀਵੀ ਭਾਰਤ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਜਸਬੀਰ ਸਿੰਘ ਘੁੰਮਣ ਨਾਲ ਖਾਸ ਗੱਲਬਾਤ ਕੀਤੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਘਪਲੇਬਾਜ਼ੀ ਬਾਰੇ ਚੱਲ ਰਹੀ ਚਰਚਾ ਬਾਰੇ ਐਡਵੋਕੇਟ ਜਸਬੀਰ ਸਿੰਘ ਘੁੰਮਣ ਨੇ ਕਿਹਾ ਕਿ ਉਨ੍ਹਾਂ ਨੇ ਜਸਟਿਸ ਅਜੀਤ ਸਿੰਘ ਬੈਂਸ ਵੱਲੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਵੱਲੋਂ ਜਾਰੀ ਰਿਪੋਰਟ ਪੜ੍ਹੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਰਾਮਸਰ ਵਿਖੇ ਸ੍ਰੀ ਗ੍ਰੰਥ ਸਾਹਿਬ ਜੀ ਦੇ ਸਰੂਪ ਰੱਖੇ ਜਾਂਦੇ ਹਨ, ਉਨ੍ਹਾਂ ਦਾ ਆਡਿਟ ਸਰਕਾਰ ਤੇ ਸ਼੍ਰੋਮਣੀ ਕਮੇਟੀ ਕਰਦੀ ਹੈ। 2016 ਦੇ ਵਿੱਚ ਸਰੂਪਾਂ ਦਾ ਆਡਿਟ ਨਹੀਂ ਕੀਤਾ ਗਿਆ ਤਾਂ ਇਸ ਵਿੱਚ ਘਾਲਾ ਮਾਲਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ 14 ਸਰੂਪਾਂ ਦਾ ਗੋਬਿੰਦਵਾਲ ਸਾਹਿਬ ਵਿਖੇ ਸਸਕਾਰ ਕਰਨ ਮੌਕੇ ਵੀ ਕਾਹਲੀ ਕੀਤੀ ਗਈ ਤੇ ਸਰੂਪਾਂ ਬਾਰੇ ਜਾਣਕਾਰੀ ਨੂੰ ਕਿਤੇ ਵੀ ਰਿਕਾਰਡ ਵਿੱਚ ਨਹੀਂ ਰੱਖਿਆ ਗਿਆ, ਜਿਸ ਕਰਕੇ ਗੜਬੜ ਪੱਕਾ ਹੈ।
ਉਨ੍ਹਾਂ ਕਿਹਾ ਕਿ ਹੋ ਸਕਦੈ ਕਿ ਇਹ ਮਾਮਲਾ ਸ਼੍ਰੋਮਣੀ ਕਮੇਟੀ ਵੱਲੋਂ 2015 ਵਿੱਚ ਬਰਗਾੜੀ ਵਿਖੇ ਹੋਈ ਬੇਅਦਬੀ ਕਰਕੇ ਸਿੱਖ ਕੌਮ ਦੇ ਰੋਸ ਵਜੋਂ ਅਕਾਲੀ ਦਲ ਦੇ ਕਹਿਣ 'ਤੇ ਦਬਾਇਆ ਹੋਵੇ, ਇਸ ਕਰਕੇ ਸਾਰੇ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਸਿੱਖ "ਸਿਟਿੰਗ" ਜੱਜ ਤੋਂ ਕਰਵਾਈ ਜਾਵੇ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।
ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਹੋਈਆਂ ਗ੍ਰਿਫ਼ਤਰੀਆਂ ਬਾਰੇ ਐਡਵੋਕੇਟ ਘੁੰਮਣ ਦਾ ਕਹਿਣਾ ਹੈ ਕਿ ਇਹ ਸਭ ਸਿਆਸਤ ਤੋਂ ਪ੍ਰੇਰਿਤ ਲੱਗ ਰਿਹਾ ਹੈ ਕਿਉਂਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀ ਅਤੇ ਪੰਥਕ ਸਰਕਾਰ ਅਕਾਲੀ ਦਲ ਨੇ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ ਤੇ ਹੁਣ ਆਸ ਨਹੀਂ।ਜਦੋਂ ਕਿ ਉਦੋਂ ਸਿੱਖਾਂ ਵੱਲੋਂ ਧਰਨੇ, ਮੁਜ਼ਾਹਰੇ ਵੀ ਕੀਤੇ ਗਏ ਪਰ ਪੱਲੇ ਕੱਖ ਨਾ ਪਿਆ। ਉਨ੍ਹਾਂ ਕਿਹਾ ਕਿ ਹੁਣ ਕੁਝ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ ਪਰ ਇਨਸਾਫ਼ ਦੀ ਆਸ ਮੱਧਮ ਹੈ।
ਐਡਵੋਕੇਟ ਘੁੰਮਣ ਵੱਲੋਂ ਕੇਂਦਰ ਸਰਕਾਰ ਦੇ ਆਰਡੀਨੈਂਸਾਂ ਸਬੰਧੀ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਜਵਾਨੀ ਤੇ ਕਿਸਾਨੀ ਦਾ ਘਾਣ ਹੋ ਰਿਹਾ ਹੈ। ਪੰਜਾਬ ਨਾਲ ਧੱਕਾ ਆਜ਼ਾਦੀ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅੱਜ ਹਾਲ ਇਹ ਹੋ ਗਿਆ ਕਿ ਨਾ ਤਾਂ ਇੱਥੇ ਕਿਸਾਨ ਰਹਿਣ ਨੂੰ ਤਿਆਰ ਹੈ ਤੇ ਨਾ ਹੀ ਨੌਜਵਾਨ। ਉਨ੍ਹਾਂ ਕਿਹਾ ਕਿ ਤਾਲਾਬੰਦੀ ਵਿੱਚ ਕੇਂਦਰ ਸਰਕਾਰ ਨੇ ਕਾਹਲੀ ਵਿੱਚ ਇਹ ਆਰਡੀਨੈਂਸ ਲਿਆ ਕੇ ਕਿਸਾਨਾਂ ਦੇ ਢਿੱਡ 'ਤੇ ਲੱਤ ਮਾਰੀ ਹੈ ਅਤੇ ਸਰਕਾਰ ਕਿਸਾਨ ਮਾਰੂ ਨੀਤੀ ਤਹਿਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਮੀਰ ਘਰਾਣਿਆਂ ਨੂੰ ਜ਼ਮੀਨ ਦੇਣ ਲਈ ਅਜਿਹੇ ਬਿੱਲ ਲਿਆਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਨ੍ਹਾਂ ਆਰਡੀਨੈਂਸਾਂ 'ਤੇ ਅਕਾਲੀ ਦਲ ਤੇ ਬੀਜੇਪੀ ਦੀ ਭਾਈਵਾਲ ਹੋਣ ਦੇ ਸਵਾਲ ਵਿੱਚ ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣਾ ਰਾਜ ਭਾਗ ਬਚਾਉਣ ਲਈ ਕਿਸਾਨਾਂ ਨਾਲ ਧੋਖਾ ਕਰ ਰਿਹਾ ਹੈ ਕਿਉਂਕਿ ਜੇਕਰ ਉਹ ਪੰਜਾਬ ਦੇ ਕਿਸਾਨਾਂ ਨਾਲ ਖੜ੍ਹਨਗੇ ਤਾਂ ਉਨ੍ਹਾਂ ਦਾ ਰਾਜਭਾਗ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਜੇਕਰ ਕਿਸਾਨ ਨਾ ਰਹੇ ਤਾਂ ਦੇਸ਼ ਨਹੀਂ ਰਹੇਗਾ ਅਤੇ ਅਕਾਲੀ ਦਲ ਦਾ ਬਚਣਾ ਮੁਸ਼ਕਲ ਹੈ। ਕੇਂਦਰ ਨੇ ਆਰਡੀਨੈਂਸ ਜਾਰੀ ਕਰਕੇ ਕਿਸਾਨਾਂ ਨਾਲ ਧ੍ਰੋਹ ਕਮਾਇਆ।