ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 324 ਸਰੂਪਾਂ ਦਾ ਮਾਮਲਾ ਲਗਾਤਾਰ ਸੁਰਖੀਆਂ ਵਿੱਚ ਹੈ। ਇਸ ਮਾਮਲੇ ਨੂੰ ਲੈ ਕੇ ਕਈ ਸਿੱਖ ਜਥੇਬੰਦੀਆਂ ਸੰਘਰਸ਼ ਦੇ ਰਾਹ 'ਤੇ ਵੀ ਹਨ। ਬੀਤੇ ਦਿਨੀਂ ਸਤਕਾਰ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦਰਮਿਆਨ ਹੋਏ ਟਕਰਾਅ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਧਰਨੇ ਵਾਲੀ ਥਾਂ ਨੂੰ ਬੰਦ ਕਰ ਦਿੱਤਾ ਸੀ। ਇਸ ਮਗਰੋਂ ਹੁਣ ਜਥੇਬੰਦੀਆਂ ਨੇ ਵਿਰਾਸਤੀ ਮਾਰਗ 'ਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਕੋਲ ਮੁੜ ਧਰਨਾ ਸ਼ੁਰੂ ਕਰ ਦਿੱਤਾ ਹੈ।

ਹੁਣ ਸਤਿਕਾਰ ਕਮੇਟੀਆਂ ਤੇ ਹੋਰ ਆਗੂਆਂ ਵੱਲੋਂ ਦਰਬਾਰ ਸਾਹਿਬ ਨੂੰ ਜਾਂਦੇ ਹੋਏ ਰਸਤੇ ਪਲਾਜ਼ੇ 'ਤੇ ਬਣੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਕੋਲ ਧਰਨਾ ਲਾ ਦਿੱਤਾ ਹੈ।ਇਹ ਧਰਨਾ ਸੰਕੇਤਕ ਰੂਪ ਵਿੱਚ ਲਾਇਆ ਗਿਆ ਹੈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਵੀ ਕੀਤਾ।ਆਗੂਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਰੂਪਾਂ ਦੇ ਮਾਮਲੇ ਨੂੰ ਦਬਾ ਨਹੀਂ ਸਕਦੀ ਅਤੇ ਆਉਦੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਆਪਣੀ ਦਿਸਦੀ ਹਾਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵਾਲੇ ਬੁੁਖਲਾਏ ਹੋਏ ਹਨ। ਇਸ ਕਰਕੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਕਿਸੇ ਵੀ ਤਰ੍ਹਾਂ ਠੱਪਿਆ ਨਹੀਂ ਜਾ ਸਕਦਾ।