ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 267 ਪਾਵਨ ਸਰੂਪਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡ 'ਚੋਂ ਗੁੰਮ ਹੋਣ ਦਾ ਮਾਮਲਾ ਤੂਲ ਫੜ੍ਹ ਚੁੱਕਿਆ ਹੈ। ਇਸੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਿਰੱਪਖ ਜਾਂਚ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਪੰਜ ਮੈਂਬਰਾਂ ਵਿੱਚ ਸੇਵਾ ਸਿੰਘ ਸੇਖਵਾਂ, ਬੀਬੀ ਕਿਰਨਜੀਤ ਕੌਰ, ਅਮਰੀਕ ਸਿੰਘ ਸ਼ਾਹਪੁਰ, ਮਹਿੰਦਰ ਸਿੰਘ ਹੁਸੈਨਪੁਰ, ਗੁਰਪ੍ਰੀਤ ਸਿੰਘ ਗਰਚਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਸਰੂਪਾਂ ਦੇ ਘਪਲੇ ਬਾਰੇ ਜਾਂਚ ਕਿਸੇ ਨਿਰਪੱਖ ਵਿਦਵਾਨ ਤੋਂ ਕਰਵਾਈ ਜਾਵੇ ।
ਸੇਵਾ ਸਿੰਘ ਸੇਖਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਰਿਕਾਰਡ ਵਿੱਚ ਨਾ ਹੋਣ ਕਾਰਨ ਭਾਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਜਾਂਚ ਕਮੇਟੀ ਬਣਾਈ ਸੀ, ਪਰ ਇਹ ਕਮੇਟੀ ਦੇ ਲੋਕ ਉਸ ਸਮੇਂ ਜਿੰਮੇਵਾਰ ਅਹੁਦਿਆਂ 'ਤੇ ਸਨ ਜਦੋਂ ਗੁਰੂ ਦੇ ਸਰੂਪ ਗੁੰਮ ਹੋਣ ਦੀ ਘਟਨਾ ਵਾਪਰੀ।
ਸੇਖਵਾਂ ਨੇ ਕਿਹਾ ਕਿ 2016 ਵਿੱਚ ਵਾਪਰੀ ਘਟਨਾ ਨੂੰ ਅੱਜ 4 ਸਾਲ ਹੋ ਗਏ ਹਨ ਪਰ ਨਾ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਿਸੇ ਮੈਂਬਰ ਤੇ ਨਾ ਹੀ ਅਧਿਕਾਰੀ ਨੇ ਸੰਗਤਾਂ ਨੂੰ ਇਸ ਘਟਨਾ ਬਾਰੇ ਸੱਚ ਦੱਸਿਆ। ਉਨ੍ਹਾਂ ਕਿਹਾ ਕਿ ਸੇਵਾਮੁਕਤ ਮੁਲਾਜ਼ਮ ਕਮਲਦੀਪ ਸਿੰਘ ਨੇ 267 ਸਰੂਪ ਰਿਕਾਰਡ ਵਿੱਚ ਘੱਟ ਹੋਣ ਬਾਰੇ ਸੰਗਤਾਂ ਅਤੇ ਪੁਲਿਸ ਨੂੰ ਜਾਣੂ ਕਰਵਾਇਆ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਘਟਨਾ ਹੈ ਤੇ ਇੱਕ ਸਰੂਪ ਜਿਸ ਦੀ ਬੇਅਦਬੀ ਬਰਗਾੜੀ ਵਿਖੇ ਹੋਈ, ਉਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਤੇ ਸਿੱਖ ਕੌਮ ਅਜੇ ਤੱਕ ਉਸ ਘਟਨਾ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਅਪੀਲਾਂ ਕਰ ਰਹੀ ਹੈ। ਸੇਖਵਾਂ ਨੇ ਕਿਹਾ ਕਿ ਉਨ੍ਹਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਕਿਸੇ ਸੇਵਾਮੁਕਤ ਅਧਿਕਾਰੀ, ਸਿੱਖ ਵਿਦਵਾਨ ਜਾਂ ਸਿੱਖ ਲੇਖਕ ਤੋਂ ਇਸ ਦੀ ਸਹੀ ਜਾਂਚ ਕਰਵਾਈ ਜਾਵੇ।
ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਸੇਵਾਮੁਕਤ ਮੁਲਾਜ਼ਮ ਕਮਲਦੀਪ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਭੌਰ ਨੇ ਦੱਸਿਆ ਗਿਆ ਦੱਸਿਆ ਹੈ ਕਿ ਸ਼੍ਰੋਮਣੀ ਕਮੇਟੀ ਨੇ 40 ਸਰੂਪ ਅਜਿਹੇ ਡੇਰੇ ਵਿੱਚ ਭੇਜੇ ਹਨ, ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਦਾ ਪਾਲਣ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜੇਕਰ ਜਥੇਦਾਰ ਸਾਹਿਬ ਨੇ ਕੋਈ ਕਾਰਵਾਈ ਅਮਲ 'ਚ ਨਾ ਲਿਆਂਦੀ ਤਾਂ ਸਾਰੇ ਹਮਖਿਆਲੀ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸਿੱਖ ਵਿਦਵਾਨਾਂ ਨਾਲ ਸਲਾਹ ਕਰਕੇ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ।