ਅੰਮ੍ਰਿਤਸਰ: ਬੀਤੀ ਦਿਨੀਂ ਇੱਕ ਪਾਸੇ ਜਿੱਥੇ ਤੇਜ ਹਵਾਵਾਂ, ਤੂਫਾਨ ਅਤੇ ਬਾਰਿਸ਼ ਆਉਣ ਕਾਰਣ ਕਈ ਪਿੰਡਾਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਉੱਥੇ ਹੀ ਇੰਨ੍ਹਾਂ ਬਾਰਿਸ਼ਾਂ ਦਾ ਲਾਭ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਮਜੀਠਾ 'ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਆਗੂਆਂ ਵਲੋਂ ਪਿੰਡਾਂ 'ਚ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਹਲਕਾ ਮਜੀਠਾ ਦੇ ਪਿੰਡ ਡਾਹੀਕੇ, ਬਾਬੋਵਾਲ, ਕਾਜੀਕੋਟ, ਖੈੜੇਬਾਲਾ, ਚੱਕ ਸਮੇਤ ਹੋਰਨਾਂ ਪਿੰਡਾਂ ਵਿੱਚ ਪੌਦੇ ਲਗਾਏ ਗਏ।
ਇਸ ਸਬੰਧੀ ਗੱਲਬਾਤ ਦੌਰਾਨ ਜੱਜ ਸਿੰਘ ਡਾਹੀਕੇ ਨੇ ਕਿਹਾ ਕਿ ਹਲਕਾ ਮਜੀਠਾ ਤੋਂ ਸਾਬਕਾ ਕੈਬਿਨੇਟ ਮੰਤਰੀ ਅਤੇ ਮੌਜੂਦਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਸਰਕਲ ਟਾਹਲੀ ਸਾਹਿਬ ਤੋਂ ਐੱਸ.ਸੀ ਵਿੰਗ ਦੇ ਸਰਕਲ ਪ੍ਰਧਾਨ ਦੀ ਦੇਖ-ਰੇਖ ਹੇਠ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡਾਂ 'ਚ ਛਾਂਦਾਰ, ਫਲਦਾਰ ਬੂਟੇ ਲਗਾਏ ਗਏ ਹਨ ਅਤੇ ਅੱਗੇ ਵੀ ਬਿਕਰਮ ਸਿੰਘ ਮਜੀਠੀਆ ਦੇ ਹੁਕਮਾਂ ਅਨੁਸਾਰ ਕਾਰਜ ਜਾਰੀ ਰੱਖਾਂਗੇ।
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਡਾਹੀਕੇ ਦੇ ਸਰਪੰਚ ਦਾਰਾ ਸਿੰਘ ਨੇ ਕਿਹਾ ਕਿ ਅਕਾਲੀ ਦਲ ਵਲੋਂ ਉਨ੍ਹਾਂ ਦੀ ਪੰਚਾਇਤ ਨੂੰ ਪੌਦੇ ਭੇਂਟ ਕੀਤੇ ਗਏ ਹਨ ਜੋ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਜਿੰਮੇਵਾਰੀ ਨਾਲ ਦੇਖਭਾਲ ਕੀਤੀ ਜਾਵੇਗੀ ਅਤੇ ਅੱਗੇ ਵੀ ਇਹ ਮੁਹਿੰਮ ਜਾਰੀ ਰਹੇਗੀ।