ਅੰਮ੍ਰਿਤਸਰ:ਬੀਤੇ ਲੰਮੇਂ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਅੰਦੋਲਨ ਜਾਰੀ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਕਿਸਾਨਾਂ ਵੱਲੋਂ ਲਗਾਤਾਰ ਸੂਬਾ ਸਰਕਾਰ ਤੇ ਕੇਂਦਰੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਜਾਰੀ ਜਾਰੀ ਹੈ।
ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ। ਇਸ ਮੌਕੇ ਅੰਮ੍ਰਿਤਸਰ ਵਿਖੇ ਕਿਸਾਨ ਆਗੂ ਤੇ ਵੱਡੀ ਗਿਣਤੀ 'ਚ ਸ਼ਹਿਰ ਦੇ ਬੱਸ ਸਟੈਂਡ ਸਣੇ ਹੋਰਨਾਂ ਜਨਤਕ ਥਾਵਾਂ 'ਤੇ ਭਾਰਤ ਬੰਦ ਦੇ ਪੋਸਟਰ ਲਾਉਂਦੇ ਤੇ ਆਮ ਲੋਕਾਂ ਨੂੰ ਕਿਸਾਨਾਂ ਦੇ ਹੱਕ 'ਚ ਸਮਰਥ ਲਈ ਅਪੀਲ ਕਰਦੇ ਨਜ਼ਰ ਆਏ।
ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਵੀ ਮੌਜੂਦ ਰਹੇ। ਈਟੀਵੀ ਭਾਰਤ ਨਾਲ ਗੱਲ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਜਦੋਂ ਤੱਕ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ , ਉਦੋਂ ਤੱਕ ਦਿੱਲੀ ਦੇ ਬਾਰਡਰਾਂ ਦੇ ਨਾਲ-ਨਾਲ ਪੰਜਾਬ ਵਿੱਚ ਵੀ ਕਿਸਾਨ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਵਿੱਚ 27 ਤਰੀਕ ਨੂੰ ਐਲਾਨੇ ਗਏ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਪੰਜਾਬ ਰੋਡਵੇਜ਼, ਕੱਚੇ ਕਾਮੇ, ਮਜ਼ਦੂਰਾਂ ਤੇ ਹੋਰਨਾਂ ਕਈ ਜੱਥੇਬੰਦੀਆਂ ਦਾ ਸਾਥ ਮਿਲ ਰਿਹਾ ਹੈ। 27 ਤਰੀਕ ਨੂੰ ਪੂਰੀ ਤਰ੍ਹਾਂ ਭਾਰਤ ਬੰਦ ਰਹੇਗਾ ਤੇ ਇਸ ਦੌਰਾਨ ਲੋੜੀਦਾਂ ਸੇਵਾਵਾਂ ਜਾਰੀ ਰਹਿਣਗਿਆਿ। ਇਸ ਤੋਂ ਇਲਾਵਾ 28 ਤੇ 29 ਸਤੰਬਰ ਨੂੰ ਮਹਿਲਾ ਕਿਸਾਨ ਆਗੂਆਂ ਵੱਲੋਂ ਡੀਸੀ ਦਫ਼ਤਰਾਂ ਦੇ ਬਾਹਰ ਪੱਕਾ ਧਰਨਾ ਲਾਇਆ ਜਾਵੇਗਾ।
ਪੰਧੇਰ ਨੇ ਲੋਕਾਂ ਨੂੰ ਕਿਸਾਨਾਂ ਦਾ ਸਾਥ ਦੇਣ ਤੇ ਭਾਰਤ ਬੰਦ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਜੱਥੇਬੰਦੀਆਂ ਇੱਕਠੀ ਹੋ ਜਾਣਗੀਆਂ ਤਾਂ ਸਰਕਾਰ 'ਤੇ ਦਬਾਅ ਪਾਇਆ ਜਾ ਸਕੇਗਾ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ 'ਤੇ ਵੀ ਨਿਸ਼ਾਨੇ ਸਾਧੇ । ਉਨ੍ਹਾਂ ਕਿਹਾ ਕਿ ਲੰਮੇਂ ਸਮੇਂ ਤੱਕ ਅੰਦੋਲਨ ਚੱਲਣ ਦੇ ਬਾਵਜੂਦ ਪੰਜਾਬ ਸਰਕਾਰ ਕਿਸਾਨਾਂ ਦਾ ਸਾਥ ਨਹੀਂ ਦੇ ਰਹੀ। ਇਥੋਂ ਤੱਕ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ ਗਿਆ ਤੇ ਨਾਂ ਹੀ ਕਿਸਾਨਾਂ ਗੰਨੇ ਦਾ ਬਕਾਇਆ ਦਿੱਤਾ ਗਿਆ ਹੈ। ਇਸ ਲਈ ਉਹ ਕਿਸਾਨ ਦੇ ਮਾੜੇ ਹਲਾਤਾਂ ਲਈ ਸੂਬਾ ਸਰਕਾਰ ਨੂੰ ਵੀ ਜ਼ਿੰਮੇਵਾਰ ਮੰਨਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਕਿਸਾਨ ਅੰਦੋਲਨ ਜਾਰੀ ਰਹੇਗਾ।
ਇਹ ਵੀ ਪੜ੍ਹੋ : ਅੱਜ ਹੋ ਸਕਦੈ ਪੰਜਾਬ ਕੈਬਨਿਟ ਦਾ ਵਿਸਥਾਰ: ਇਹ ਨਾਂਅ ਹੋ ਸਕਦੇ ਨੇ ਸ਼ਾਮਲ