ਅੰਮ੍ਰਿਤਸਰ: ਪੰਜਾਬ 'ਚ ਲਗਾਤਾਰ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਦਾ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ 'ਆਕਸੀ ਮੀਟਰ' ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਵਿਧਾਇਕ ਕੁਲਤਾਰ ਸਿੰਘ ਰੰਧਾਵਾ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਮੁਹਿੰਮ ਦੇ ਤਹਿਤ 'ਆਪ' ਵਰਕਰ ਤੇ ਆਗੂ ਲੋਕਾਂ ਦਾ ਆਕਸੀਜ਼ਨ ਲੈਵਲ ਚੈਕ ਕਰਕੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਪ੍ਰਤੀ ਜਾਗਰੂਕ ਕਰ ਰਹੇ ਹਨ।
‘ਆਪ’ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੀ ਸ਼ੁਰੂਆਤ ਵਿਧਾਇਕ ਕੁਲਤਾਰ ਸਿੰਘ ਰੰਧਾਵਾ ਨੇ ਕੀਤੀ। ਕੁਲਤਾਰ ਸਿੰਘ ਨੇ ਸ਼ਹਿਰ ਦੇ ਹਾਲ ਬਜ਼ਾਰ ਇਲਾਕੇ ਵਿੱਚ ਵੱਖ-ਵੱਖ ਦੁਕਾਨਾਂ ਉੱਤੇ ਜਾ ਕੇ ਦੁਕਾਨਦਾਰਾਂ ਅਤੇ ਆਮ ਲੋਕਾਂ ਦੀ ਆਕਸੀਜਨ ਦੇ ਪੱਧਰ ਦੀ ਜਾਂਚ ਕੀਤੀ। ਉਨ੍ਹਾਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਆਕਸੀਜਨ ਦੇ ਪੱਧਰ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਮੀਡੀਆ ਨਾਲ ਰੁਬਰੂ ਹੁੰਦੇ ਹੋਏ ਹੋਏ ਕੁਲਤਾਰ ਸਿੰਘ ਸੰਧਵਾਂ ਨੇ ਸੂਬੇ 'ਚ ਕੋਰੋਨਾ ਮਹਾਂਮਾਰੀ ਦੇ ਬੇਕਾਬੂ ਹੋਏ ਹਲਾਤਾਂ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਪਿਛਲੀ ਅਕਾਲੀ ਭਾਜਪਾ ਸਰਕਾਰ ਉੱਤੇ ਵੀ ਦੋਸ਼ ਲਾਏ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਜੇਕਰ ਕੈਪਟਨ ਸਰਕਾਰ ਸਣੇ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਸਰਕਾਰੀ ਹਸਪਤਾਲਾਂ-ਡਿਸਪੈਂਸਰੀਆਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ਾਂ ਕਰਦੀ ਤਾਂ ਅਜਿਹੇ ਹਲਾਤ ਨਹੀਂ ਬਣਦੇ। ਉਨ੍ਹਾਂ ਪਿਛਲੀਆਂ ਸਰਕਾਰਾਂ ਉੱਤੇ ਸਰਕਾਰੀ ਸਿਹਤ ਸੁਵਿਧਾਵਾਂ ਨੂੰ ਅਣਦੇਖਾ ਕਰਕੇ ਪ੍ਰਾਈਵੇਟ ਹੈਲਥ ਮਾਫ਼ੀਆ ਪੈਦਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਦੀ ਬਦਹਾਲੀ ਦਾ ਨਤੀਜਾ ਪੰਜਾਬ ਦੀ ਜਨਤਾ ਭੁਗਤ ਰਹੀ ਹੈ। ਜੇਕਰ ਪੰਜਾਬ 'ਚ ਵਧੀਆ ਸਿਹਤ ਸੁਵਿਧਾਵਾਂ ਹੁੰਦੀਆਂ ਤਾਂ ਕੋਰੋਨਾ ਕਾਰਨ ਵੱਡੀ ਗਿਣਤੀ 'ਚ ਮੌਤਾਂ ਨਾ ਹੁੰਦੀਆਂ।