ਅੰਮ੍ਰਿਤਸਰ: ਪਾਕਿਸਤਾਨ ਨਾਗਰਿਕ ਮੁਬਾਰਕ ਬਿਲਾਲ ਮੰਗਲਵਾਰ ਨੂੰ ਆਪਣੇ ਵਤਨ ਵਾਪਸ ਭੇਜਿਆ ਗਿਆ ਹੈ। ਬਿਲਾਲ ਨੇ ਕਿਹਾ ਕਿ ਬਾਕੀ ਪਾਕਿਸਤਾਨੀ ਬੱਚਿਆਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ, ਜਿਵੇਂ ਕਿ ਮੈਨੂੰ ਰਿਹਾ ਕੀਤਾ ਗਿਆ ਹੈ। ਉਹ ਅਚਾਨਕ ਭਾਰਤ ਦੀ ਸਰਹੱਦ 'ਤੇ ਆ ਗਿਆ, ਜਿਸ ਕਾਰਨ ਉਹ ਇੰਨੇ ਲੰਮੇ ਸਮੇਂ ਤੋਂ ਆਪਣੇ ਪਰਿਵਾਰ ਤੋਂ ਦੂਰ ਰਿਹਾ। ਉਸਨੇ ਕਿਹਾ ਕਿ ਭਾਰਤ ਵਿੱਚ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਨਹੀਂ ਹੋਈ। ਭਾਰਤ ਇੱਕ ਚੰਗਾ ਦੇਸ਼ ਹੈ। ਉਸ ਨੇ ਕਿਹਾ ਕਿ ਅੱਜ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਹ ਆਪਣੇ ਮਾਪਿਆਂ ਅਤੇ ਪਰਿਵਾਰ ਨਾਲ ਜਾ ਕੇ ਮਿਲੇਗਾ।
ਮੁਬਾਰਕ ਦੀ ਰਿਹਾਈ ਦੇ ਹੁਕਮ ਜਾਰੀ ਹੋਣ ਤੋਂ ਬਾਅਦ 14 ਤਾਰੀਕ ਨੂੰ ਉਸ ਨੂੰ ਹੁਸ਼ਿਆਰਪੁਰ ਦੇ ਬਾਲ ਸੁਧਾਰ ਗ੍ਰਹਿ ਤੋਂ ਪੂਰੀ ਪੁਲਿਸ ਸੁਰੱਖਿਆ ਹੇਠ ਵਾਹਘਾ ਬਾਰਡਰ ਭੇਜਿਆ ਗਿਆ ਜਿੱਥੋਂ ਉਸ ਨੂੰ ਪਾਕਿਸਤਾਨ ਭੇਜਿਆ ਜਾਵੇਗਾ। ਦੱਸਣਯੋਗ ਹੈ ਕਿ ਮਾਰਚ 2018 ਵਿੱਚ ਗਲਤੀ ਨਾਲ ਪਾਕਿਸਤਾਨ ਦੇ ਕਸੂਰ ਜ਼ਿਲ੍ਹੇ ਦਾ 17 ਸਾਲਾ ਮੁਬਾਰਕ ਬਿਲਾਲ ਭਾਰਤੀ ਸਰਹੱਦ ਵਿੱਚ ਦਾਖਲ ਹੋ ਗਿਆ ਸੀ। ਉਹ ਪਿਛਲੇ ਡੇਢ ਸਾਲ ਤੋਂ ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ ਵਿੱਚ ਬੰਦ ਸੀ।
ਬਿਲਾਲ ਨੂੰ ਰਿਹਾ ਕਰਨ ਜਾ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਦੇ ਆਦੇਸ਼ ਅਨੁਸਾਰ ਬਿਲਾਲ ਨੂੰ ਰਿਹਾ ਕੀਤਾ ਜਾ ਰਿਹਾਅ ਹੈ। ਉਨ੍ਹਾਂ ਦੱਸਿਆ ਕਿ ਜਦੋਂ ਬਿਲਾਲ ਨੂੰ ਫੜਿਆ ਗਿਆ ਤਾਂ ਉਹ 15 ਸਾਲਾਂ ਦਾ ਸੀ ਅਤੇ ਬਿਲਾਲ 22 ਮਹੀਨੇ ਪਹਿਲਾਂ ਤਰਨਤਾਰਨ ਦੇ ਖੇਮਕਰਨ ਸੈਕਟਰ ਤੋਂ ਫੜਿਆ ਗਿਆ ਸੀ।