ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵਿਰੁੱਧ ਮੁਲਤਾਨੀ ਕਿਡਨੈਪਿੰਗ ਮਾਮਲੇ 'ਚ ਕੇਸ ਦਰਜ ਹੋਣ ਮਗਰੋਂ ਉਹ ਮੁੜ ਤੋਂ ਕਈ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਇਸ ਤੋਂ ਪਹਿਲਾਂ ਵੀ ਸਾਬਕਾ ਡੀਜੀਪੀ ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਸਵਾਲਾਂ ਦੇ ਘੇਰੇ 'ਚ ਆਏ ਸਨ।
ਇਸ ਸਬੰਧੀ ਲੋਕ ਇਨਸਾਫ਼ ਪਾਰਟੀ ਦੇ ਧਾਰਮਿਕ ਵਿੰਗ ਦੇ ਇੰਚਾਰਜ ਜਗਜੋਤ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਦੋਹਰੇ ਕਾਨੂੰਨ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਲੋਕਾਂ ਲਈ ਇੱਥੇ ਹੋਰ ਕਾਨੂੰਨ ਕੰਮ ਕਰਦਾ ਹੈ ਅਤੇ ਬਹੁਗਿਣਤੀ ਲਈ ਵੱਖਰਾ ਕਾਨੂੰਨ ਕੰਮ ਕਰਦਾ ਹੈ।
ਉਨ੍ਹਾਂ ਕਿਹਾ ਕਿ ਸੁਮੇਧ ਸੈਣੀ ਵਿਰੁੱਧ 29 ਸਾਲਾਂ ਬਾਅਦ ਪਰਚਾ ਦਰਜ ਦਰਜ ਕੀਤਾ ਗਿਆ ਹੈ, ਜੋ ਕਿ ਭਾਰਤ ਦੇ ਕਾਨੂੰਨ 'ਤੇ ਸਵਾਲ ਖੜੇ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਆਮ ਬੰਦਾ ਛੋਟੀ ਜਿਹੀ ਗ਼ਲਤੀ ਕਰਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਹੈ।
ਜਗਜੋਤ ਸਿੰਘ ਖਾਲਸਾ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਉਹ ਇਨਸਾਨ ਜਿਸ ਨੇ ਲੱਖਾਂ ਪੰਜਾਬੀਆਂ 'ਤੇ ਤਸ਼ੱਦਦ ਦਾ ਕੀਤਾ, ਮਾਰਿਆ ਅਤੇ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਕੀਤੀਆਂ, ਉਸ ਨੂੰ ਅਕਾਲੀ ਸਰਕਾਰ ਨੇ ਪੰਜਾਬ ਪੁਲਿਸ ਦਾ ਮੁਖੀ ਬਣਾਇਆ। ਉਨ੍ਹਾਂ ਕਿਹਾ ਕਿ ਸਾਬਕਾ ਡੀਜੀਪੀ ਦਾ ਸਾਰੇ ਹੀ ਵੱਡੇ ਘਰਾਣਿਆਂ ਨਾਲ ਸਬੰਧ ਹੈ।